
‘ਆਪ’ ਸਰਕਾਰ ਨੇ ਕੁਝ ਹੀ ਮਹੀਨਿਆਂ ’ਚ ਨਸ਼ੇ ਦੇ ਵਪਾਰੀਆਂ ਨੂੰ ਹੱਥ ਪਾਉਣਾ ਕੀਤਾ ਸ਼ੁਰੂ : ਮਲਵਿੰਦਰ ਕੰਗ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸੂਬੇ ਵਿੱਚ ਨਸ਼ਾ ਮਾਫੀਆ ਨੂੰ ਵਧਾਵਾ ਦੇ ਕੇ ਪੰਜਾਬ ਦੀ ਛਵੀ ਖਰਾਬ ਕਰਨ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਨਿਸ਼ਾਨਾ ਬਣਾੲਆ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਨਸ਼ਾ ਮਾਫੀਏ ਨੂੰ ਸੁਰੱਖਿਆ ਦਿੱਤੀ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲ ਦਲ ਵਿੱਚ ਧੱਕਿਆ।
Malwinder Singh Kang
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਕੇਵਲ ਚਾਰ ਮਹੀਨਿਆਂ ਵਿੱਚ ਨਸ਼ਾ ਮਾਫੀਏ ਨੂੰ ਨੱਥ ਪਾਉਣੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੀ ਕਾਰਵਾਈ ਤੋਂ ਬਾਅਦ ਸੂਬੇ ਵਿੱਚ ਫੈਲ੍ਹੇ ਨਸ਼ਾ ਤਸਕਰਾਂ ਦਾ ਗਠਜੋੜ ਹੁਣ ਟੁੱਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ’ਚੋਂ ਨਸ਼ੇ ਨੂੰ ਖਤਮ ਕਰਨ ਲਈ ਵਚਨਬੱਧ ਹੈ।
Malwinder Singh Kang
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਨਸ਼ਾ ਮਾਫੀਆ ਖਿਲਾਫ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਨਸ਼ਾ ਤਸਕਰਾਂ ਨੂੰ ਪਨਾਹ ਦਿੱਤੀ, ਉਹ ਸਾਰੇ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ।
ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਦੀ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ਾ ਅਤੇ ਮਾਫੀਆ ਦੋਵਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਯਤਨਸ਼ੀਲ ਹੈ, ਤਾਂ ਕਿ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਖਿਲਾਫ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੇ ਬਾਅਦ ਸੂਬੇ ਭਰ ਵਿੱਚ ਐਨਡੀਪੀਐਸ ਐਕਟ ਤਹਿਤ ਪਿਛਲੇ ਇਕ ਹਫਤੇ ਵਿੱਚ 559 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 676 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ ਉਤੇ ਨਾਕੇ ਲਗਾ ਕੇ ਅਤੇ ਤਲਾਸ਼ੀ ਮੁਹਿੰਮ ਚਲਾ ਕੇ 57 ਕਿਲੋ ਹੇਰੋਇਨ, 17 ਕਿਲੋ ਅਫੀਮ, 25 ਕਿਲੋ ਗਾਂਜਾ, 7 ਕੁਵਿੰਟਲ ਪੋਸਤ ਅਤੇ 2.25 ਲੱਖ ਨਸ਼ੀਲੀਆਂ ਗੋਲੀਆਂ/ ਕੈਪਸੂਲ ਸਮੇਤ ਹੋਰ ਨਸ਼ੀਲੇ ਪਦਾਰਥਾਂ ਬਰਾਮਦ ਕੀਤੇ ਹਨ। ਉਥੇ ਭਗੌੜੇ ਚਲ ਰਹੇ 32 ਐਲਾਨੇ ਅਪਰਾਧੀਆਂ ਅਤੇ ਭਗੌੜਿਆਂ ਨੂੰ ਪੁਲਿਸ ਨੇ ਐਨਡੀਪੀਐਸ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਹੈ। ਕੰਗ ਨੇ ਕਿਹਾ ਕਿ ਏਟੀਐਸ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨਾਲ ਇਕ ਸਾਂਝੀ ਮੁਹਿੰਮ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਗੁਜਰਾਤ ਦੇ ਮੁਦਰਾ ਪੋਰਟ ਵਿੱਚ ਇਕ ਕੰਟੇਨਰ ਵਿਚੋਂ 75 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।
ਕੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੁਆਢੀ ਸੂਬਿਆਂ ਤੋਂ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਖਿਲਾਫ ਆਪਣੀ ਕਾਰਵਾਈ ਤੇਜ ਕਰਨੀ ਚਾਹੀਦੀ ਹੈ ਕਿਉਂਕਿ ‘ਆਪ’ ਸਰਕਾਰ ਨੇ ਪੰਜਾਬ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਨਸ਼ੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ। ਸੂਬੇ ਵਿੱਚ ਨਸ਼ਾ ਮਾਫੀਆ ਖਿਲਾਫ ‘ਆਪ’ ਸਰਕਾਰ ਵੱਲੋਂ ਚਲਾਈ ਮੁਹਿੰਮ ਦੀ ਤਾਰੀਫ ਕਰਦੇ ਹੋਏ ਕੰਮ ਨੇ ਕਿਹਾ ਕਿ ਪੰਜਾਬ ਦੀ ਨਸਲ ਨੂੰ ਬਰਬਾਦ ਕਰਨ ਵਾਲੇ ਨਸ਼ੇ ਦੇ ਇਸ ਵਪਾਰ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ ਸਿੱਧ ਹੋਣ ਬਾਅਦ ਸਾਰੇ ਦੋਸ਼ੀਆਂ ਦੀ ਸੰਪਤੀ ਨੂੰ ਜਬਤ ਕੀਤਾ ਜਾਵੇਗਾ।