
Election News: ਹਿਮਾਚਲ ਪ੍ਰਦੇਸ਼ ਵਿਚ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ
Election News: ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਸਮੇਤ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਇਨ੍ਹਾਂ 13 ਸੀਟਾਂ 'ਤੇ 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਿੱਚੋਂ 10 ਸੀਟਾਂ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਨ ਅਤੇ ਤਿੰਨ ਵਿਧਾਇਕਾਂ ਦੀ ਮੌਤ ਕਾਰਨ ਖ਼ਾਲੀ ਹੋਈਆਂ ਹਨ।
ਹਿਮਾਚਲ ਪ੍ਰਦੇਸ਼ ਵਿਚ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ। ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਤੋਂ 13 ਉਮੀਦਵਾਰ ਮੈਦਾਨ ਵਿਚ ਉਤਰੇ ਹਨ। ਅੱਜ ਸਾਰੇ ਉਮੀਦਵਾਰਾਂ ਦੇ ਭਵਿੱਖ ਤੈਅ ਹੋਵੇਗਾ। 10 ਜੁਲਾਈ ਨੂੰ ਇਨ੍ਹਾਂ ਸੀਟਾਂ 'ਤੇ ਵੋਟਿੰਗ ਹੋਈ ਸੀ। ਖ਼ਾਸ ਗੱਲ ਇਹ ਹੈ ਕਿ ਕਾਂਗਰਸ ਨੇ ਦੇਹਰਾ ਸੀਟ ਤੋਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਦੀ ਪਤਨੀ ਕਮਲੇਸ਼ ਠਾਕੁਰ ਨੂੰ ਉਮੀਦਵਾਰ ਬਣਾਇਆ ਹੈ। ਹੁਣ ਤੱਕ 6 ਗੇੜ ਹੋ ਚੁੱਕੇ ਹਨ, 6ਵੇਂ ਗੇੜ ਵਿਚ ਦੇਹਰਾ ਸੀਟ ਤੋਂ ਮੁੱਖ ਮੰਤਰੀ ਦੀ ਪਤਨੀ ਨੇ ਬਾਜ਼ੀ ਪਲਟ ਦਿੱਤੀ ਹੈ, ਉਨ੍ਹਾਂ ਨੇ ਭਾਜਪਾ ਉਮੀਦਵਾਰ ਹੋਸ਼ਿਆਰ ਸਿੰਘ ਨੂੰ ਪਛਾੜ ਦਿੱਤਾ ਹੈ।
ਕਮਲੇਸ਼ ਠਾਕੁਰ 1815 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਵਾਰ ਹਿਮਾਚਲ ਪ੍ਰਦੇਸ਼ ਵਿਚ ਦੇਹਰਾ ਵਿਧਾਨ ਸਭਾ ਜ਼ਿਮਨੀ ਚੋਣ ਲਈ 65.42 ਫ਼ੀਸਦੀ ਵੋਟਿੰਗ ਹੋਈ। ਇਹ 2022 ਦੇ ਮੁਕਾਬਲੇ 5.62 ਫ਼ੀਸਦੀ ਘੱਟ ਹੈ। ਇਸ ਤੋਂ ਪਹਿਲਾਂ 2022 ਵਿਚ ਇੱਥੇ 71.04 ਫ਼ੀਸਦੀ ਲੋਕਾਂ ਨੇ ਵੋਟ ਪਾਈ ਸੀ। ਸੂਬੇ ਦੀਆਂ ਤਿੰਨ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਕੁੱਲ 71 ਫੀਸਦੀ ਵੋਟਿੰਗ ਹੋਈ।
ਦੱਸ ਦੇਈਏ ਕਿ ਦੇਹਰਾ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਂਗਰਸ ਦੀ ਕਮਲੇਸ਼ (53), ਜੋ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਵੀ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੁਸ਼ਿਆਰ ਸਿੰਘ (57) ਅਤੇ ਆਜ਼ਾਦ ਉਮੀਦਵਾਰ ਸੁਲੇਖਾ ਦੇਵੀ (59), ਅਰੁਣ ਅੰਕੇਸ਼ ਸਿਆਲ (34) ਅਤੇ ਐਡਵੋਕੇਟ ਸੰਜੇ ਸ਼ਰਮਾ (56) ਚੋਣ ਮੈਦਾਨ ਵਿਚ ਹਨ।
ਹਮੀਰਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਆਸ਼ੀਸ਼ ਸ਼ਰਮਾ (37), ਕਾਂਗਰਸ ਦੇ ਡਾ. ਪੁਸ਼ਪਿੰਦਰ ਵਰਮਾ (48) ਅਤੇ ਆਜ਼ਾਦ ਉਮੀਦਵਾਰ ਪ੍ਰਦੀਪ ਕੁਮਾਰ (58) ਅਤੇ ਨੰਦ ਲਾਲ ਸ਼ਰਮਾ (64) ਚੋਣ ਮੈਦਾਨ ਵਿਚ ਹਨ।
ਨਾਲਾਗੜ੍ਹ ਵਿਧਾਨ ਸਭਾ ਸੀਟ ਤੋਂ ਹਰਦੀਪ ਸਿੰਘ ਬਾਵਾ (44), ਭਾਜਪਾ ਦੇ ਕੇ. ਐਲ. ਠਾਕੁਰ (64), ਸਵਾਭਿਮਾਨ ਪਾਰਟੀ ਦੇ ਕਿਸ਼ੋਰੀ ਲਾਲ ਸ਼ਰਮਾ (46) ਅਤੇ ਆਜ਼ਾਦ ਉਮੀਦਵਾਰ ਗੁਰਨਾਮ ਸਿੰਘ (48), ਹਰਪ੍ਰੀਤ ਸਿੰਘ (36) ਅਤੇ ਵਿਜੇ ਸਿੰਘ (36) ਚੋਣ ਲੜ ਰਹੇ ਹਨ।
ਪੰਜਾਬ ਦੀ ਜਲੰਧਰ ਪੱਛਮੀ ਸੀਟ ਤੋਂ 'ਆਪ' ਉਮੀਦਵਾਰ ਮੋਹਿੰਦਰ ਭਗਤ ਅੱਗੇ ਚੱਲ ਰਹੇ ਹਨ। ਬਿਹਾਰ ਦੇ ਰੂਪੌਲੀ ਤੋਂ ਜੇਡੀਯੂ ਉਮੀਦਵਾਰ ਕਲਾਧਰ ਪ੍ਰਸਾਦ ਮੰਡਲ ਅੱਗੇ ਚੱਲ ਰਿਹਾ ਹੈ। ਜੇਡੀਯੂ ਤੋਂ ਆਰਜੇਡੀ ਵਿੱਚ ਗਈ ਸੀਮਾ ਭਾਰਤੀ ਪਿੱਛੇ ਚੱਲ ਰਹੀ ਹੈ। ਉੱਤਰਾਖੰਡ ਦੀ ਮੰਗਲੌਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਅੱਗੇ ਚੱਲ ਰਹੇ ਹਨ। ਐਮਪੀ ਦੇ ਅਮਰਵਾੜਾ ਤੋਂ ਭਾਜਪਾ ਦੇ ਕਮਲੇਸ਼ ਸ਼ਾਹ ਅੱਗੇ ਚੱਲ ਰਹੇ ਹਨ।