
ਹਿੰਦੂ ਜਥੇਬੰਦੀਆਂ ਦੀ ‘ਮਹਾਪੰਚਾਇਤ’ ’ਚ ਕੀਤਾ ਗਿਆ ਫੈਸਲਾ, ਕੇਂਦਰੀ ਬਲਾਂ ਦੀਆਂ ਚਾਰ ਬਟਾਲੀਅਨਾਂ ਨੂੰ ਨੂਹ ’ਚ ਪੱਕੇ ਤੌਰ ’ਤੇ ਤਾਇਨਾਤ ਕਰਨ ਦੀ ਮੰਗ
ਗੁਰੂਗ੍ਰਾਮ/ਪਲਵਲ: ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਪਿੰਡ ਪੋਂਡਰੀ ’ਚ ਐਤਵਾਰ ਨੂੰ ਹਿੰਦੂ ਸੰਗਠਨਾਂ ਵਲੋਂ ਕਰਵਾਈ ਗਈ ਮਹਾਪੰਚਾਇਤ ’ਚ ਨੂਹ ’ਚ ਵਿਸ਼ਵ ਹਿੰਦੂ ਪਰੀਸ਼ਦ (ਵੀ.ਐਚ.ਪੀ.) ਦੀ ‘ਬ੍ਰਜ ਮੰਡਲ ਯਾਤਰਾ’ 28 ਅਗੱਸਤ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ, ਜਿਸ ’ਚ 31 ਜੁਲਾਈ ਨੂੰ ਇਲਾਕੇ ’ਚ ਫਿਰਕੂ ਹਿੰਸਾ ਭੜਕਣ ਤੋਂ ਬਾਅਦ ਵਿਘਨ ਪਿਆ ਸੀ।
‘ਸਰਵ ਜਾਤੀ ਮਹਾਪੰਚਾਇਤ’ ’ਚ ਪਲਵਲ, ਗੁਰੂਗ੍ਰਾਮ ਅਤੇ ਹੋਰ ਆਸ-ਪਾਸ ਦੇ ਸਥਾਨਾਂ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਯਾਤਰਾ ਨੂਹ ਦੇ ਨਲਹੜ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਝਿਰਕਾ ਦੇ ਝੀਰ ਅਤੇ ਸ਼ਿੰਗਾਰ ਮੰਦਰਾਂ ’ਚੋਂ ਲੰਘੇਗੀ।
ਗੁਰੂਗ੍ਰਾਮ ਦੇ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਦਵਿੰਦਰ ਸਿੰਘ ਨੇ ਮਹਾਪੰਚਾਇਤ ’ਚ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਬਲਾਂ ਦੀਆਂ ਚਾਰ ਬਟਾਲੀਅਨਾਂ ਨੂੰ ਨੂਹ ’ਚ ਪੱਕੇ ਤੌਰ ’ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।
ਇਹ ਮਹਾਂਪੰਚਾਇਤ ਪਹਿਲਾਂ ਨੂਹ ਜ਼ਿਲ੍ਹੇ ਦੇ ਪਿੰਡ ਕਿਰਾ ਵਿਖੇ ਕਰਵਾਉਣ ਦੀ ਯੋਜਨਾ ਸੀ, ਪਰ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ।
ਪਲਵਲ ਦੇ ਪੁਲਿਸ ਡਿਪਟੀ ਸੁਪਰਡੈਂਟ (ਹੈੱਡਕੁਆਰਟਰ) ਸੰਦੀਪ ਮੌੜ ਨੇ ਦਸਿਆ ਕਿ ਪਲਵਲ ’ਚ ਪ੍ਰੋਗਰਾਮ ਲਈ ਇਜਾਜ਼ਤ ਦੇ ਦਿਤੀ ਗਈ ਹੈ। ਨੂਹ ਅਤੇ ਪਲਵਲ ਗੁਆਂਢੀ ਜ਼ਿਲ੍ਹੇ ਹਨ।
ਇਹ ਮਹਾਪੰਚਾਇਤ ‘ਸਰਵ ਹਿੰਦੂ ਸਮਾਜ’ ਦੇ ਬੈਨਰ ਹੇਠ ਕੀਤੀ ਗਈ, ਜਿਸ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਕਈ ਹਿੰਦੂ ਸੰਗਠਨਾਂ ਨੇ ਹਿੱਸਾ ਲਿਆ। ਪੁਲਿਸ ਨੇ ਕਿਹਾ ਸੀ ਕਿ ਮਹਾਪੰਚਾਇਤ ਲਈ ਸੀਮਤ ਗਿਣਤੀ ’ਚ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿਤੀ ਗਈ ਹੈ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਭਰੀ ਭਾਸ਼ਣ ਦੇਣ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੂਹ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ’ਤੇ ਭੀੜ ਦੇ ਹਮਲੇ ਅਤੇ ਉਸ ਤੋਂ ਬਾਅਦ ਹੋਈ ਹਿੰਸਾ ’ਚ ਦੋ ਹੋਮ ਗਾਰਡ ਅਤੇ ਇਕ ਨਾਇਬ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ। ਮਹਾਪੰਚਾਇਤ ਤੋਂ ਕੁਝ ਸਮਾਂ ਪਹਿਲਾਂ, ਗੁਰੂਗ੍ਰਾਮ ’ਚ ਵੀ.ਐਚ.ਪੀ. ਨੇਤਾ ਦੇਵੇਂਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ 28 ਅਗੱਸਤ ਨੂੰ ਨੂਹ ’ਚ ਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ।