
ਪੁਲਿਸ ਨੇ 40 ਕਿਲੋ ਸੋਨੇ ਤੇ ਚਾਂਦੀ ਸਮੇਤ ਕੀਤੇ ਕਾਬੂ
ਬਿਹਾਰ: ਪੁਲਿਸ ਨੇ 2 ਜੂਨ ਨੂੰ ਵੈਸ਼ਾਲੀ ਦੇ ਸ੍ਰੀ ਕ੍ਰਿਸ਼ਨਾ ਜਵੈਲਰਜ਼ ਵਿਚ ਹੋਈ ਕਰੋੜਾਂ ਦੀ ਲੁੱਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 2.7 ਕਿਲੋ ਸੋਨਾ, 27.30 ਕਿਲੋ ਚਾਂਦੀ ਅਤੇ 43 ਹਜ਼ਾਰ 120 ਰੁਪਏ ਦੀ ਨਕਦੀ ਸਮੇਤ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਇਸ ਮਾਮਲੇ ਵਿਚ ਹੁਣ ਤੱਕ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਮੁਲਜ਼ਮ ਗਹਿਣਿਆਂ ਦੀ ਦੁਕਾਨ ਖੋਲ੍ਹ ਕੇ ਲੁੱਟਿਆ ਸਾਮਾਨ ਹੌਲੀ-ਹੌਲੀ ਵੇਚ ਰਹੇ ਸਨ। ਕਰੀਬ ਢਾਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਦੁਕਾਨ ਖੋਲ੍ਹ ਕੇ ਲੁੱਟਿਆ ਸਾਮਾਨ ਵੇਚਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸਪੀ ਮਨੀਸ਼ ਨੇ ਦੱਸਿਆ ਕਿ ਇਸ ਲੁੱਟ ਦੀ ਸਾਜ਼ਿਸ਼ ਸਮਸਤੀਪੁਰ ਵਿਚ ਰਚੀ ਗਈ ਸੀ। ਬੈਂਕ ਡਕੈਤੀ ਸਮੇਤ ਕਈ ਮਾਮਲਿਆਂ 'ਚ ਭਗੌੜੇ ਚੰਦਨ ਸੋਨਾਰ ਨੇ ਇਕ ਮਾਮਲੇ 'ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਯੋਜਨਾ ਤਿਆਰ ਕੀਤੀ ਸੀ। ਇਹ ਚੰਦਨ ਸੋਨਾਰ ਸੀ ਜਿਸ ਨੇ ਯੋਜਨਾ ਤਿਆਰ ਕੀਤੀ ਅਤੇ ਮਹੂਆ ਦੇ ਪਾਟੇਪੁਰ ਰੋਡ 'ਤੇ ਸਥਿਤ ਸ੍ਰੀ ਕ੍ਰਿਸ਼ਨਾ ਜਵੈਲਰਜ਼ ਬਾਰੇ ਜਾਣਕਾਰੀ ਦਿੱਤੀ। ਐਸਪੀ ਨੇ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਮਈ ਮਹੀਨੇ ਵਿਚ ਕਈ ਵਾਰ ਰੇਕੀ ਕੀਤੀ ਗਈ ਸੀ।
ਦੱਸ ਦੇਈਏ ਕਿ 2 ਜੂਨ, 2022 ਨੂੰ ਹਥਿਆਰਬੰਦ ਬਦਮਾਸ਼ਾਂ ਨੇ ਦਿਨ ਦਿਹਾੜੇ ਸ੍ਰੀ ਕ੍ਰਿਸ਼ਨਾ ਜਵੈਲਰਜ਼ ਤੋਂ ਲਗਭਗ 5 ਕਿਲੋ ਸੋਨਾ, 100 ਕਿਲੋ ਚਾਂਦੀ, 50 ਲੱਖ ਰੁਪਏ ਦੇ ਹੋਰ ਗਹਿਣੇ ਅਤੇ ਦੋ ਲੱਖ ਦੀ ਨਕਦੀ ਲੁੱਟ ਲਈ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਐਸਪੀ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੈਸ਼ਾਲੀ ਪੁਲਿਸ ਅਤੇ ਐਸਟੀਐਫ਼ ਨੇ ਸੂਚਨਾ ਦੇ ਆਧਾਰ 'ਤੇ ਵੈਸ਼ਾਲੀ ਅਤੇ ਸਮਸਤੀਪੁਰ ਤੋਂ ਲੁਟੇਰਿਆਂ ਦੇ 14 ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਲੁਟੇਰਿਆਂ ਕੋਲੋਂ 40 ਕਿਲੋ ਚਾਂਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।