
ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਕਿਸੇ ਹੋਰ ਸੂਬੇ 'ਚ ਕੰਮ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ, ਜਿਸ ਕਾਰਨ ਉਹ ਗੁੱਸੇ 'ਚ ਸੀ
Bihar News : ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲੇ ਦੇ ਮਾਲਾਹੀ ਥਾਣਾ ਖੇਤਰ 'ਚ ਇਕ ਔਰਤ ਨੇ ਦੋ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਕਿਸੇ ਹੋਰ ਸੂਬੇ 'ਚ ਕੰਮ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ, ਜਿਸ ਕਾਰਨ ਉਹ ਗੁੱਸੇ 'ਚ ਸੀ।
ਪੁਲਿਸ ਅਨੁਸਾਰ ਪਿੰਡ ਮਮਰਖਾ ਪਿੰਡ ਦਾ ਰਹਿਣ ਵਾਲਾ ਭੋਲਾਰਾਮ ਬਾਹਰ ਰਹਿ ਕੇ ਮਜ਼ਦੂਰੀ ਕਰਦਾ ਹੈ। ਉਹ ਕੁਝ ਦਿਨ ਪਹਿਲਾਂ ਘਰ ਆਇਆ ਸੀ। ਭੋਲਾਰਾਮ ਫਿਰ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਪਤਨੀ ਬਾਹਰ ਜਾਣ ਤੋਂ ਇਨਕਾਰ ਕਰ ਰਹੀ ਸੀ। ਭੋਲਾਰਾਮ ਦੀ ਪਤਨੀ ਕਹਿ ਰਹੀ ਸੀ ਕਿ ਉਹ ਇੱਥੇ ਰਹਿ ਕੇ ਕੰਮ ਕਰੇ।
ਇਸ ਗੱਲ ਨੂੰ ਲੈ ਕੇ ਵੀਰਵਾਰ ਰਾਤ ਨੂੰ ਦੋਵਾਂ ਵਿਚਾਲੇ ਝਗੜਾ ਹੋ ਗਿਆ। ਆਰੋਪ ਹੈ ਕਿ ਇਸ ਦੌਰਾਨ ਭੋਲਾਰਾਮ ਨੇ ਆਪਣੀ ਪਤਨੀ ਸੁਭਾਵਤੀ ਦੇਵੀ ਦੀ ਕੁੱਟਮਾਰ ਕੀਤੀ ਸੀ। ਰਾਤ ਨੂੰ ਹੀ ਸੁਭਾਵਤੀ ਦੇਵੀ ਨੇ ਆਪਣੀਆਂ ਦੋ ਬੇਟੀਆਂ ਪਰੀ ਅਤੇ ਉਜਾਲਾ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਅਤੇ ਖੁਦ ਵੀ ਨਿਗਲ ਲਿਆ। ਜ਼ਹਿਰ ਨਿਗਲਣ ਤੋਂ ਕੁਝ ਸਮੇਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਤਿੰਨਾਂ ਨੂੰ ਪਹਾੜਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ।
ਸ਼ੁੱਕਰਵਾਰ ਤੜਕੇ ਸੁਗਾਵਤੀ ਦੇਵੀ ਅਤੇ ਪਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਉਜਾਲਾ ਨੂੰ ਬਿਹਤਰ ਇਲਾਜ ਲਈ ਬੇਤੀਆ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਜਾਲਾ ਦੀ ਵੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਹੈ। ਭੋਲਾਰਾਮ ਫਰਾਰ ਹੈ। ਡੀਐਸਪੀ ਰੰਜਨ ਕੁਮਾਰ ਨੇ ਦੱਸਿਆ ਕਿ ਪਤੀ ਦੇ ਤਸ਼ੱਦਦ ਤੋਂ ਤੰਗ ਆ ਕੇ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।