
ਸੀਬੀਆਈ ਸੰਜੇ ਰਾਏ ਦਾ ਨਾਰਕੋ ਵਿਸ਼ਲੇਸ਼ਣ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਸੀ
Kolkata rape-murder :ਕੋਲਕਾਤਾ ਦੀ ਅਦਾਲਤ ਨੇ ਕੋਲਕਾਤਾ ਡਾਕਟਰ ਜਬਰ-ਜਨਾਹ (Doctor Rape Case) ਅਤੇ ਹੱਤਿਆ ਕਾਂਡ ਦੇ ਮੁੱਖ ਆਰੋਪੀ ਸੰਜੇ ਰਾਏ ਦੇ ਨਾਰਕੋ ਟੈਸਟ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਦਰਅਸਲ, ਸੀਬੀਆਈ ਸੰਜੇ ਰਾਏ ਦਾ ਨਾਰਕੋ ਵਿਸ਼ਲੇਸ਼ਣ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਸੀ, ਇਸ ਲਈ ਕੇਂਦਰੀ ਜਾਂਚ ਏਜੰਸੀ ਨੇ ਨਾਰਕੋ ਟੈਸਟ ਦੀ ਇਜਾਜ਼ਤ ਲਈ ਸਿਆਲਦਾਹ ਅਦਾਲਤ ਵਿੱਚ ਅਪੀਲ ਕੀਤੀ ਸੀ।
ਇਸ ਤਹਿਤ ਅੱਜ ਸੰਜੇ ਰਾਏ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਪਰ ਸੰਜੇ ਨੇ ਮੈਜਿਸਟਰੇਟ ਦੇ ਸਾਹਮਣੇ ਨਾਰਕੋ ਟੈਸਟ ਲਈ ਆਪਣੀ ਸਹਿਮਤੀ ਨਹੀਂ ਦਿੱਤੀ, ਜਿਸ ਤੋਂ ਬਾਅਦ ਅਦਾਲਤ ਨੇ ਸੀਬੀਆਈ ਦੀ ਅਪੀਲ ਨੂੰ ਰੱਦ ਕਰ ਦਿੱਤਾ।
ਇੱਕ ਅਧਿਕਾਰੀ ਨੇ ਦੱਸਿਆ ਕਿ ਨਾਰਕੋ ਟੈਸਟ ਕਰਵਾਉਣ ਦਾ ਮਕਸਦ ਇਹ ਦੇਖਣਾ ਸੀ ਕਿ ਮੁਲਜ਼ਮ ਸੰਜੇ ਰਾਏ ਸੱਚ ਬੋਲ ਰਿਹਾ ਹੈ ਜਾਂ ਨਹੀਂ। ਨਾਰਕੋ ਐਨਾਲਿਸਿਸ ਟੈਸਟ ਉਸ ਦੇ ਬਿਆਨ ਦੀ ਪੁਸ਼ਟੀ ਕਰਨ ਵਿੱਚ ਸਾਡੀ ਮਦਦ ਕਰੇਗਾ।
ਸੀਬੀਆਈ ਅਧਿਕਾਰੀ ਨੇ ਦੱਸਿਆ ਕਿ ਨਾਰਕੋ ਐਨਾਲਿਸਿਸ ਟੈਸਟ ਦੌਰਾਨ ਵਿਅਕਤੀ ਦੇ ਸਰੀਰ ਵਿੱਚ ਸੋਡੀਅਮ ਪੈਂਟੋਥਲ ਨਾਮਕ ਡਰੱਗ ਦਾ ਟੀਕਾ ਲਗਾਇਆ ਜਾਂਦਾ ਹੈ, ਜੋ ਉਸ ਨੂੰ ਸੰਮੋਹਨ ਦੀ ਹਾਲਤ ਵਿੱਚ ਲੈ ਜਾਂਦਾ ਹੈ ਅਤੇ ਉਸ ਦੀ ਕਲਪਨਾ ਨੂੰ ਬੇਅਸਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਮੁਲਜ਼ਮ ਸਹੀ ਜਾਣਕਾਰੀ ਦਿੰਦੇ ਹਨ। ਸੀਬੀਆਈ ਨੇ ਪ੍ਰੈਜ਼ੀਡੈਂਸੀ ਸੁਧਾਰ ਘਰ ਦੇ ਅੰਦਰ ਹੀ ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਪਹਿਲਾ ਹੀ ਕਰ ਲਿਆ ਸੀ।
ਦੱਸ ਦੇਈਏ ਕਿ ਸੰਜੇ ਰਾਏ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ 31 ਸਾਲਾ ਟ੍ਰੇਨੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਅਦਾਲਤ ਤੋਂ ਮੁਲਜ਼ਮ ਦਾ ਨਾਰਕੋ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਸੀ।