
ਰੂਸੀ ਰਾਸ਼ਟਰਪਤੀ ਨਾਲ NSA ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਦੇ ਲਗਭਗ ਤਿੰਨ ਹਫਤਿਆਂ ਬਾਅਦ ਹੋਈ
NSA Doval -Vladimir Putin : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਹਮਰੁਤਬਾ ਦੇ ਇਲਾਵਾ ਦੂਜੇ ਦੇਸ਼ਾਂ ਦੇ ਨੇਤਾਵਾਂ ਨੂੰ ਘੱਟ ਹੀ ਮਿਲਦੇ ਹਨ ਪਰ ਜਦੋਂ ਵੀਰਵਾਰ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਉਨ੍ਹਾਂ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਐਨਐਸਏ ਡੋਵਾਲ ਰੂਸੀ ਰਾਸ਼ਟਰਪਤੀ ਨਾਲ ਸੇਂਟ ਪੀਟਰਸਬਰਗ ਦੇ Konstantinovsky ਪੈਲੇਸ ਵਿੱਚ ਮਿਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਯੂਕਰੇਨ ਯਾਤਰਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਪੁਤਿਨ ਅਤੇ ਐਨਐਸਏ ਡੋਭਾਲ ਦੀ ਮੁਲਾਕਾਤ ਤੋਂ ਬਾਅਦ ਰੂਸੀ ਰਾਸ਼ਟਰਪਤੀ ਭਵਨ ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਅਜੀਤ ਡੋਵਾਲ ਨੇ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਕੋਈ ਸੰਦੇਸ਼ ਦਿੱਤਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ 23 ਅਗਸਤ ਨੂੰ ਯੂਕਰੇਨ ਦਾ ਦੌਰਾ ਕੀਤਾ ਸੀ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਇਸ ਸਬੰਧ ਵਿਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਪੇਸਕੋਵ ਨੇ ਕਿਹਾ, 'ਇਸ ਤਰ੍ਹਾਂ ਦਾ ਕੋਈ ਸੰਦੇਸ਼ ਨਹੀਂ ਆਇਆ।'
ਰੂਸੀ ਰਾਸ਼ਟਰਪਤੀ ਪੁਤਿਨ ਦੇ ਬੁਲਾਰੇ ਪੇਸਕੋਵ ਨੇ ਇਹ ਵੀ ਕਿਹਾ ਕਿ ਡੋਵਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਹੱਲ ਬਾਰੇ ਆਪਣੇ ਦੇਸ਼ ਦੇ ਨਜ਼ਰੀਏ ਤੋਂ ਜਾਣੂ ਕਰਵਾਇਆ।
ਪੇਸਕੋਵ ਨੇ ਕਿਹਾ, 'ਉਨ੍ਹਾਂ ਨੇ ਕੀਵ ਵਿੱਚ ਪੀਐਮ ਮੋਦੀ ਦੀ ਬੈਠਕ ਦੇ ਮੁੱਖ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਯੂਕਰੇਨ ਵਿਵਾਦ ਨੂੰ ਸੁਲਝਾਉਣ ਲਈ ਮੋਦੀ ਦੀ ਪਹੁੰਚ ਬਾਰੇ ਵੀ ਜਾਣਕਾਰੀ ਦਿੱਤੀ।' ਉਨ੍ਹਾਂ ਕਿਹਾ ਹਾਲਾਂਕਿ, ਸੰਘਰਸ਼ ਨੂੰ ਖਤਮ ਕਰਨ ਲਈ ਕੋਈ ਸਪੱਸ਼ਟ ਪੀਸ ਪਲਾਨ ਬਾਰੇ ਕੋਈ ਗੱਲ ਨਹੀਂ ਹੋਈ।
ਮੋਦੀ ਨਾਲ ਮੁਲਾਕਾਤ 'ਚ ਕੀ ਬੋਲੇ NSA ਡੋਭਾਲ ?
ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਦੌਰਾਨ ਐਨਐਸਏ ਡੋਭਾਲ ਨੇ ਕਿਹਾ, 'ਜਿਵੇਂ ਕਿ ਪ੍ਰਧਾਨ ਮੰਤਰੀ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਦੱਸਿਆ ਸੀ, ਉਹ ਤੁਹਾਨੂੰ ਆਪਣੀ ਯੂਕਰੇਨ ਦੌਰੇ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਆਪਣੀ ਮੁਲਾਕਾਤ ਬਾਰੇ ਦੱਸਣਾ ਚਾਹੁੰਦੇ ਸਨ।'
ਡੋਭਾਲ ਨੇ ਅੱਗੇ ਕਿਹਾ, 'ਉਹ ਚਾਹੁੰਦੇ ਸਨ ਕਿ ਮੈਂ ਵਿਸ਼ੇਸ਼ ਤੌਰ 'ਤੇ ਅਤੇ ਨਿੱਜੀ ਤੌਰ 'ਤੇ ਤੁਹਾਨੂੰ ਮਿਲਾਂ ਅਤੇ ਤੁਹਾਨੂੰ ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਬਾਰੇ ਦੱਸਾਂ। ਇਹ ਗੱਲਬਾਤ ਬਹੁਤ ਹੀ ਬੰਦ ਰੂਪ ਵਿੱਚ ਹੋਈ ,ਜਿੱਥੇ ਸਿਰਫ਼ ਦੋਵੇਂ ਆਗੂ ਹੀ ਮੌਜੂਦ ਸਨ। ਉਨ੍ਹਾਂ ਨਾਲ (ਜ਼ੇਲੇਂਸਕੀ ਨਾਲ) ਉਨ੍ਹਾਂ ਦੇ ਦੋ ਲੋਕ ਸਨ ਅਤੇ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸੀ। ਇਸੇ ਲਈ ਉਥੇ ਹੋਈ ਗੱਲਬਾਤ ਦਾ ਮੈਂ ਗਵਾਹ ਹਾਂ।
ਦੱਸ ਦੇਈਏ ਕਿ ਰੂਸੀ ਰਾਸ਼ਟਰਪਤੀ ਨਾਲ NSA ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਦੇ ਲਗਭਗ ਤਿੰਨ ਹਫਤਿਆਂ ਬਾਅਦ ਹੋਈ। ਯੂਕਰੇਨ ਜਾਣ ਤੋਂ ਪਹਿਲਾਂ ਪੀਐਮ ਮੋਦੀ ਜੁਲਾਈ ਦੇ ਸ਼ੁਰੂ ਵਿੱਚ ਰੂਸ ਗਏ ਸਨ ,ਜਿੱਥੇ ਉਨ੍ਹਾਂ ਨੇ ਪੁਤਿਨ ਨਾਲ ਮੁਲਾਕਾਤ ਕੀਤੀ ਸੀ।