
ਘਰਾਂ ਅਤੇ ਦਫ਼ਤਰਾਂ ਵਿਚੋਂ ਬਾਹਰ ਨਿਕਲੇ ਲੋਕ, ਰਿਕਟਰ ਪੈਮਾਨੇ ’ਤੇ 5.4 ਮਾਪੀ ਗਈ ਤੀਬਰਤਾ
ਨਵੀਂ ਦਿੱਲੀ: ਪੰਜਾਬ, ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਵਿਚ ਸਨਿਚਰਵਾਰ ਰਾਤ 8 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਦੀ ਸੂਚਨਾ ਮਿਲਣ ’ਤੇ ਲੋਕ ਅਪਣੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਖੁਲ੍ਹੀਆਂ ਥਾਵਾਂ ’ਤੇ ਇਕੱਠੇ ਹੋ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ, ਇਸ ਦਾ ਕੇਂਦਰ ਨੇਪਾਲ ਵਿਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.3 ਮਾਪੀ ਗਈ।
ਇਸ ਤੋਂ ਪਹਿਲਾਂ ਸ਼ਾਮ 4:25 ਵਜੇ ਉੱਤਰਾਖੰਡ ਵਿਚ ਵੀ ਭੂਚਾਲ ਆਇਆ। ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਭੂਚਾਲ ਦਾ ਕੇਂਦਰ ਸੀ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 3.4 ਦਰਜ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ-ਐਨਸੀਆਰ ਦੇ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਹਾਪੁੜ, ਲਖਨਊ, ਬਾਰਾਬੰਕੀ, ਸਰਾਵਸਤੀ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ’ਚ ਭੂਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਨੇਪਾਲ ਉਸ ਸਮੇਂ ਵੀ ਭੂਚਾਲ ਦਾ ਕੇਂਦਰ ਸੀ ਅਤੇ ਦੋਤੀ ਜ਼ਿਲ੍ਹੇ ਵਿਚ ਇਕ ਮਕਾਨ ਡਿਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਸੀ।