
ਪੁਲਿਸ ਨੇ ਮ੍ਰਿਤਕ ਲੜਕੀ ਦੀ ਸੱਸ, ਨਨਾਣ ਸਮੇਤ 4 ਲੋਕਾਂ 'ਤੇ ਮਾਮਲਾ ਕੀਤਾ ਦਰਜ
ਫਤਿਹਪੁਰ: ਉੱਤਰ ਪ੍ਰਦੇਸ਼ ਵਿੱਚ ਅਪਰਾਧਿਕ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਫਤਿਹਪੁਰ ਜ਼ਿਲ੍ਹੇ ਦਾ ਹੈ, ਜਿੱਥੇ ਦਾਜ ਨਾ ਮਿਲਣ 'ਤੇ ਇੱਕ ਵਿਆਹੁਤਾ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਵਿਆਹੁਤਾ ਦੇ ਮਾਪਿਆਂ ਦਾ ਦੋਸ਼ ਹੈ ਕਿ ਦਾਜ ਵਿੱਚ ਮੱਝ, ਸੋਨੇ ਦੀਆਂ ਅੰਗੂਠੀਆਂ ਅਤੇ ਪੈਸਿਆਂ ਦੀ ਮੰਗ ਪੂਰੀ ਨਾ ਹੋਣ ’ਤੇ ਸਹੁਰਿਆਂ ਨੇ ਉਨ੍ਹਾਂ ਦੀ ਲੜਕੀ ਦਾ ਕਤਲ ਕਰ ਕੇ ਲਾਸ਼ ਲਟਕਾ ਦਿੱਤੀ।
ਜਾਣਕਾਰੀ ਮੁਤਾਬਕ ਘਟਨਾ ਫਤਿਹਪੁਰ ਜ਼ਿਲੇ ਦੇ ਕਲਿਆਣਪੁਰ ਥਾਣਾ ਖੇਤਰ ਦੇ ਪਿੰਡ ਮਮਰੇਜਪੁਰ ਦੀ ਹੈ। ਇੱਥੇ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਊਸ਼ਾ ਦਾ ਵਿਆਹ 15 ਜੂਨ 2020 ਨੂੰ ਪਿੰਡ ਮਮਰੇਜਪੁਰ ਵਾਸੀ ਕਮਲੇਸ਼ ਕੁਮਾਰ ਨਾਲ ਕੀਤਾ ਸੀ। ਉਸ ਨੇ ਆਪਣੀ ਹੈਸੀਅਤ ਮੁਤਾਬਕ ਧੀ ਨੂੰ ਦਾਜ ਦੇ ਕੇ ਵਿਦਾ ਕਰ ਦਿੱਤਾ ਸੀ ਪਰ ਮਾਲੀ ਹਾਲਤ ਮਾੜੀ ਹੋਣ ਕਾਰਨ ਉਹ ਧੀ ਦੇ ਸਹੁਰਿਆਂ ਦੀ ਮੱਝ, ਸੋਨੇ ਦੀਆਂ ਅੰਗੂਠੀਆਂ ਅਤੇ ਨਕਦੀ ਦੀ ਮੰਗ ਪੂਰੀ ਨਹੀਂ ਕਰ ਸਕੇ।
ਦੋਸ਼ ਹੈ ਕਿ ਇਸੇ ਕਾਰਨ ਵਿਆਹੁਤਾ ਦੇ ਸਹੁਰੇ ਵਾਲੇ ਆਏ ਦਿਨ ਉਸ ਦੀ ਕੁੱਟਮਾਰ ਕਰਦੇ ਸਨ। ਸਵੇਰੇ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਉਸ ਦੀ ਕੁੱਟਮਾਰ ਕੀਤੀ ਸੀ। ਸੱਸ ਅਤੇ ਭਰਜਾਈ ਨੇ ਵੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਦਾ ਫੋਨ ਕੱਟਿਆ ਗਿਆ ਅਤੇ ਸ਼ਾਮ ਨੂੰ ਉਸ ਨੂੰ ਬੇਟੀ ਦੀ ਮੌਤ ਦੀ ਸੂਚਨਾ ਮਿਲੀ। ਦੂਜੇ ਪਾਸੇ ਪੁਲਿਸ ਨੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੀ ਤਹਿਰੀਕ 'ਤੇ ਪਤੀ, ਸੱਸ, ਨਨਾਣ ਸਮੇਤ 4 ਲੋਕਾਂ ਖਿਲਾਫ ਦਾਜ ਕਾਰਨ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।