
ਮਜ਼ਦੂਰਾਂ ਨਾਲ ਸੰਪਰਕ ਸਥਾਪਤ, ਮੁੱਖ ਮੰਤਰੀ ਧਾਮੀ ਨੇ ਥਾਂ ਦਾ ਮੁਆਇਨਾ ਕੀਤਾ
ਉੱਤਰਕਾਸ਼ੀ : ਉੱਤਰਕਾਸ਼ੀ ਜ਼ਿਲ੍ਹੇ ’ਚ ਬ੍ਰਹਮਾਖਲ-ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਸਵੇਰੇ ਅਚਾਨਕ ਡਿੱਗ ਗਿਆ, ਜਿਸ ਨਾਲ 40 ਮਜ਼ਦੂਰ ਫਸ ਗਏ। ਹਾਲਾਂਕਿ 24 ਘੰਟਿਆਂ ਤੋਂ ਵਧ ਸਮੇਂ ਤੋਂ ਫਸੇ ਸਾਰੇ 40 ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਨਾਲ ਸੰਪਰਕ ਸਥਾਪਤ ਹੋ ਗਿਆ ਹੈ। ਉਨ੍ਹਾਂ ਨੂੰ ਭੋਜਨ, ਪਾਣੀ ਅਤੇ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਮੌਕੇ ’ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਸੁਰੰਗ ਦਾ ਜੋ ਹਿੱਸਾ ਢਹਿ ਗਿਆ ਹੈ, ਉਹ ਸੁਰੰਗ ਦੇ ਮੂੰਹ ਤੋਂ ਕਰੀਬ 200 ਮੀਟਰ ਦੂਰ ਹੈ। ਸੁਰੰਗ ਦਾ ਨਿਰਮਾਣ ਕਰ ਰਹੀ ਕੰਪਨੀ ਨਵਯੁਗ ਇੰਜੀਨੀਅਰਿੰਗ ਲਿਮਟਿਡ ਮੁਤਾਬਕ ਸੁਰੰਗ ’ਚ ਫਸੇ ਮਜ਼ਦੂਰ ਬਿਹਾਰ, ਪਛਮੀ ਬੰਗਾਲ, ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਈਟ ’ਤੇ ਲਗਾਤਾਰ ਡਿੱਗ ਰਹੇ ਢਿੱਲੇ ਮਲਬੇ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨ.ਐੱਚ.ਆਈ.ਡੀ.ਸੀ.ਐੱਲ.) ਵਲੋਂ ਬਣਾਈ ਜਾ ਰਹੀ ਸੁਰੰਗ ਦਾ ਲਗਭਗ 30 ਮੀਟਰ ਹਿੱਸਾ ਹੇਠਾਂ ਡਿੱਗਣ ਨਾਲ ਪ੍ਰਭਾਵਤ ਹੋਇਆ ਹੈ। ਐੱਨ.ਐੱਚ.ਆਈ.ਡੀ.ਸੀ.ਐੱਲ. ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਲਕੋ ਨੇ ਕਿਹਾ ਕਿ ‘ਸ਼ਾਟਕ੍ਰੀਟ’ ਦੀ ਪ੍ਰਕਿਰਿਆ ਰਾਹੀਂ ਇਸ ’ਤੇ ਕੰਕਰੀਟ ਦਾ ਛਿੜਕਾਅ ਕਰ ਕੇ ਬਚਾਅ ਕਾਰਜਾਂ ’ਚ ਰੁਕਾਵਟ ਪੈਦਾ ਕਰਨ ਵਾਲੇ ਢਿੱਲੇ ਮਲਬੇ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐੱਨ.ਐੱਚ.ਆਈ.ਡੀ.ਸੀ.ਐੱਲ. ਨੇ ਕਿਹਾ ਹੈ ਕਿ ਉਹ ਸੁਰੰਗ ’ਚ ਲਗਭਗ ਇਕ ਮੀਟਰ ਲੰਮੀ ਸਟੀਲ ਪਾਈਪ ਰਾਹੀਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਸੁਰੰਗ ਦਾ ਨਿਰਮਾਣ ਕਰਨ ਵਾਲੀ ਇਸ ਕੰਪਨੀ ਨੇ ਸੋਮਵਾਰ ਨੂੰ ਮੀਡੀਆ ਨੂੰ ਜਾਰੀ ਰੀਪੋਰਟ ’ਚ ਕਿਹਾ ਕਿ ‘ਸ਼ਾਟਕ੍ਰੇਟਿੰਗ’ (ਕੰਕਰੀਟ ਸਪਰੇਅ) ਨਾਲ ਸੁਰੰਗ ਦੇ ਅੰਦਰੋਂ ਮਿੱਟੀ ਕੱਢੀ ਜਾ ਰਹੀ ਹੈ ਜਦਕਿ ‘ਹਾਈਡਰੌਲਿਕ ਜੈਕ’ ਦੀ ਮਦਦ ਨਾਲ 900 ਮਿਲੀਮੀਟਰ ਵਿਆਸ ਵਾਲੇ ਪੱਥਰ ਅੰਦਰ ਸਟੀਲ ਦੀਆਂ ਪਾਈਪਾਂ ਪਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਸੁਰੰਗ ’ਚ ਫਸੇ ਲੋਕਾਂ ਨੂੰ ਬਚਾਇਆ ਜਾ ਸਕੇ।
ਕੰਪਨੀ ਨੇ ਦਸਿਆ ਕਿ ਸੂਬਾ ਸਰਕਾਰ ਦੀ ਮਦਦ ਨਾਲ ਹਰਿਦੁਆਰ ਤੋਂ ਸਟੀਲ ਦੀਆਂ ਪਾਈਪਾਂ ਲਿਆਂਦੀਆਂ ਜਾ ਰਹੀਆਂ ਹਨ। ਸੁਰੰਗ ਵਿਚ ਸਟੀਲ ਦੀ ਪਾਈਪ ਪਾਉਣ ਲਈ ਸਿੰਚਾਈ ਵਿਭਾਗ ਦੇ ਮਾਹਿਰਾਂ ਦੀ ਟੀਮ ਵੀ ਮੌਕੇ ’ਤੇ ਪਹੁੰਚ ਰਹੀ ਹੈ। ਉੱਤਰਕਾਸ਼ੀ ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦਸਿਆ ਕਿ ਉਸਾਰੀ ਅਧੀਨ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਵੱਡੀਆਂ ਖੁਦਾਈ ਮਸ਼ੀਨਾਂ ਦੀ ਮਦਦ ਨਾਲ ਪਾਣੀ ਨਾਲ ਭਰੇ ਮਲਬੇ ਨੂੰ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ।
ਚਾਰ ਧਾਮ ਰੋਡ ਪ੍ਰਾਜੈਕਟ ਦੇ ਤਹਿਤ ਇਸ ਸਾਢੇ ਚਾਰ ਕਿਲੋਮੀਟਰ ਲੰਮੀ ਆਲ-ਮੌਸਮ ਸੁਰੰਗ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਉੱਤਰਕਾਸ਼ੀ ਤੋਂ ਯਮੁਨੋਤਰੀ ਧਾਮ ਤਕ ਦਾ ਸਫਰ 26 ਕਿਲੋਮੀਟਰ ਘੱਟ ਜਾਵੇਗਾ।
ਫਸੇ ਮਜ਼ਦੂਰਾਂ ਤਕ ਕੰਪਰੈਸਰ ਨਾਲ ਪਹੁੰਚਾਇਆ ਜਾ ਰਿਹੈ ਖਾਣ-ਪੀਣ ਦਾ ਸਮਾਨ
ਮੁੱਖ ਮੰਤਰੀ ਧਾਮੀ ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨਾਲ ਸਿਲਕੀਰਾ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਮਲਬਾ ਹਟਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਅੰਦਰ ਫਸੇ ਮਜ਼ਦੂਰਾਂ ਤਕ ਕੰਪ੍ਰੈਸਰਾਂ ਰਾਹੀਂ ਖਾਣ-ਪੀਣ ਦੀਆਂ ਵਸਤੂਆਂ ਭੇਜੀਆਂ ਜਾ ਰਹੀਆਂ ਹਨ।
ਉਨ੍ਹਾਂ ਆਸ ਪ੍ਰਗਟਾਈ ਕਿ ਛੇਤੀ ਹੀ ਬਚਾਅ ਕਾਰਜ ਮੁਕੰਮਲ ਹੋ ਜਾਵੇਗਾ ਅਤੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੇਲ ਮੰਤਰੀ ਨੇ ਉਨ੍ਹਾਂ ਨਾਲ ਇਸ ਘਟਨਾ ਬਾਰੇ ਵਿਸਥਾਰ ’ਚ ਚਰਚਾ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ। ਉਨ੍ਹਾਂ ਮਜ਼ਦੂਰਾਂ ਦੇ ਪਰਵਾਰਾਂ ਨੂੰ ਕਿਹਾ ਕਿ ਅੰਦਰ ਫਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਲਕਿਆਰਾ-ਦੰਦਲਗਾਓਂ ਸੁਰੰਗ ’ਚ 24 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ ਮਜ਼ਦੂਰਾਂ ਤਕ ਪਹੁੰਚਣ ਲਈ ਬਚਾਅ ਕਰਮਚਾਰੀ ਪੂਰੀ ਰਾਤ ਮਲਬਾ ਸਾਫ਼ ਕਰਨ ’ਚ ਰੁੱਝੇ ਰਹੇ। ਮਜ਼ਦੂਰਾਂ ਨੂੰ ਭੋਜਨ, ਪਾਣੀ ਅਤੇ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲਕਾਰਾ ’ਚ ਬਣਾਏ ਗਏ ਪੁਲੀਸ ਕੰਟਰੋਲ ਰੂਮ ਵਲੋਂ ਵਾਕੀ-ਟਾਕੀ ਰਾਹੀਂ ਸੁਰੰਗ ’ਚ ਫਸੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਸਾਰੇ ਮਜ਼ਦੂਰ ਸੁਰੱਖਿਅਤ ਹਨ।
ਕੰਟਰੋਲ ਰੂਮ ਅਨੁਸਾਰ ਅੰਦਰ ਫਸੇ ਲੋਕਾਂ ਨੇ ਭੋਜਨ ਦੀ ਮੰਗ ਕੀਤੀ ਅਤੇ ਭੋਜਨ ਦੇ ਪੈਕੇਟ ਉਨ੍ਹਾਂ ਨੂੰ ਪਾਈਪਾਂ ਰਾਹੀਂ ਭੇਜੇ ਜਾ ਰਹੇ ਹਨ। ਵਰਕਰ ਇਸ ਵੇਲੇ 60 ਮੀਟਰ ਦੀ ਦੂਰੀ ’ਤੇ ਹਨ। ਸੁਰੰਗ ’ਚ ਪਾਣੀ ਲਈ ਪਾਈਪਲਾਈਨ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਪਾਈਪਲਾਈਨ ਰਾਹੀਂ ਕੰਪ੍ਰੈਸ਼ਰ ਦੀ ਮਦਦ ਨਾਲ ਪ੍ਰੈਸ਼ਰ ਬਣਾ ਕੇ ਮਜ਼ਦੂਰਾਂ ਨੂੰ ਖਾਣੇ ਦੇ ਪੈਕੇਟ ਭੇਜੇ ਜਾ ਰਹੇ ਹਨ।
ਇਹ ਪਾਈਪਲਾਈਨ ਰਾਹਤ ਅਤੇ ਬਚਾਅ ਕਾਰਜਾਂ ’ਚ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ। ਇਸ ਪਾਈਪਲਾਈਨ ਰਾਹੀਂ ਮਜ਼ਦੂਰਾਂ ਨਾਲ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ। ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਸੁਨੇਹਾ ਦੇਣ ਲਈ ਪਹਿਲਾਂ ਕਾਗਜ਼ ’ਤੇ ਲਿਖੀ ਪਰਚੀ ਪਾਈਪ ਲਾਈਨ ਰਾਹੀਂ ਭੇਜੀ ਜਾਂਦੀ ਸੀ ਅਤੇ ਹੁਣ ਹਾਦਸੇ ਵਾਲੀ ਥਾਂ ’ਤੇ ਪਾਈਪ ਖੋਲ੍ਹ ਕੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ।