
ਲੈਪਟਾਪ, ਮੋਬਾਈਲ, ਸਿਮ ਕਾਰਡ ਅਤੇ ਏਟੀਐਮ ਬਰਾਮਦ
ਨਵੀਂ ਦਿੱਲੀ: ਦੱਖਣੀ ਦਿੱਲੀ ਵਿਚ ਸਾਈਬਰ ਸਟੇਸ਼ਨ ਦੀ ਪੁਲਿਸ ਨੇ ਸਾਈਬਰ ਠੱਗਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਸੋਸ਼ਲ ਮੀਡੀਆ ’ਤੇ ਔਰਤਾਂ ਨੂੰ ਦੋਸਤ ਬਣਾ ਕੇ, ਉਹਨਾਂ ਨੂੰ ਮਹਿੰਗੇ ਤੋਹਫੇ ਅਤੇ ਸਾਮਾਨ ਭੇਜਣ ਦੇ ਬਹਾਨੇ ਕਸਟਮ ਕਲੀਅਰੈਂਸ ਅਤੇ ਹੋਰ ਚਾਰਜਿਸ ਦੇ ਨਾਂਅ 'ਤੇ ਠੱਗੀ ਕਰਦੇ ਸਨ। ਇਸ ਮਾਮਲੇ 'ਚ ਪੁਲਿਸ ਨੇ 2 ਅਫਰੀਕੀ ਮਾਸਟਰਮਾਈਂਡ ਸਮੇਤ ਕੁੱਲ 4 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੀ ਪਛਾਣ ਪੱਛਮੀ ਬੰਗਾਲ ਦੇ ਦਾਰਜੀਲਿੰਗ ਦੇ ਸਚਿਨ ਰਾਏ, ਜਿਗਮੀ ਲਾਮਾ, ਸਮਿਥ ਹੈਨਰੀ ਉਰਫ ਗੈਬਰੀਅਲ ਉਦੋਮ ਇਟੁਕ ਅਤੇ ਨਾਈਜੀਰੀਆ ਦੇ ਵਿਜ਼ਡਮ ਓਕਾਫੋਰ ਵਜੋਂ ਹੋਈ ਹੈ। ਉਹ ਦਿੱਲੀ ਦੇ ਵਸੰਤ ਕੁੰਜ ਸਥਿਤ ਕ੍ਰਿਸ਼ਨਾ ਨਗਰ ਅਤੇ ਬੁਰਾੜੀ ਦੇ ਸੰਤ ਨਗਰ ਇਲਾਕੇ 'ਚ ਰਹਿੰਦੇ ਸਨ। ਇਹਨਾਂ ਕੋਲੋਂ 1 ਲੈਪਟਾਪ, 14 ਮੋਬਾਈਲ, ਸਿਮ ਕਾਰਡ, ਚੈਕਬੁੱਕ-ਪਾਸਬੁੱਕ ਅਤੇ ਏਟੀਐਮ ਕਾਰਡ ਬਰਾਮਦ ਹੋਏ ਹਨ।
ਡੀਸੀਪੀ ਚੰਦਨ ਚੌਧਰੀ ਅਨੁਸਾਰ ਦੱਖਣੀ ਜ਼ਿਲ੍ਹੇ ਦੀ ਸਾਈਬਰ ਪੁਲੀਸ ਨੂੰ ਇਕ ਮਹਿਲਾ ਨੇ ਦੱਸਿਆ ਕਿ ਵਿਦੇਸ਼ ਤੋਂ ਕਥਿਤ ਤੌਰ ’ਤੇ ਭੇਜੇ ਜਾਣ ਵਾਲੇ ਮਹਿੰਗੇ ਸਾਮਾਨ ਦੀ ਕਲੀਅਰੈਂਸ ਅਤੇ ਡਿਊਟੀ ਚਾਰਜ ਦੇ ਨਾਂਅ ’ਤੇ ਕਿਸੇ ਨੇ 27.5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਫੇਸਬੁੱਕ 'ਤੇ ਫਰੈਂਡ ਰਿਕਵੈਸਟ ਭੇਜੀ ਸੀ। ਇਸ ਤੋਂ ਬਾਅਦ ਉਸ ਨੇ ਚੈਟਿੰਗ ਲਈ ਉਸ ਨਾਲ ਆਪਣਾ ਅੰਤਰਰਾਸ਼ਟਰੀ ਵਟਸਐਪ ਨੰਬਰ ਸਾਂਝਾ ਕੀਤਾ।
ਇਸ ਤੋਂ ਬਾਅਦ ਉਸ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਉਸ ਨੇ ਉਸ ਨੂੰ ਭਰੋਸੇ ਵਿਚ ਲੈ ਲਿਆ। ਕੁਝ ਦਿਨਾਂ ਬਾਅਦ ਉਸ ਨੇ ਉਹਨਾਂ ਨੂੰ ਆਈਫੋਨ, ਸੋਨੇ ਦੀ ਪਲੇਟ ਵਾਲੀ ਗੁੱਟ ਘੜੀ ਆਦਿ ਤੋਹਫੇ ਦੇਣ ਦਾ ਝਾਂਸਾ ਦਿੱਤਾ ਅਤੇ ਫਿਰ ਪੈਕਿੰਗ ਅਤੇ ਰਸੀਦ ਦੀ ਵੀਡੀਓ ਭੇਜ ਕੇ ਉਹਨਾਂ ਨੂੰ ਭਰੋਸੇ ਵਿਚ ਲਿਆ।
ਕੁਝ ਦਿਨਾਂ ਬਾਅਦ ਉਸ ਨੂੰ ਐਕਸਾਈਜ਼ ਵਿਭਾਗ ਤੋਂ ਫੋਨ ਆਇਆ, ਜਿਸ ਵਿਚ ਉਸ ਨੂੰ ਪਾਰਸਲ ਜਾਰੀ ਕਰਨ ਲਈ ਡਿਊਟੀ ਚਾਰਜ ਅਦਾ ਕਰਨ ਦੀ ਹਦਾਇਤ ਕੀਤੀ ਗਈ। ਵੱਖ-ਵੱਖ ਚਾਰਜਿਸ ਦੇ ਨਾਂਅ 'ਤੇ ਉਸ ਤੋਂ 27 ਲੱਖ ਰੁਪਏ ਵਸੂਲੇ ਗਏ। ਜਦੋਂ ਉਹਨਾਂ ਕੋਲ ਕੋਈ ਪਾਰਸਲ ਨਹੀਂ ਪਹੁੰਚਿਆ ਤਾਂ ਉਹਨਾਂ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ। ਇਸ ਮਾਮਲੇ 'ਚ ਸਾਈਬਰ ਥਾਣੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।