
ਇਹ ਮੁੱਦਾ ਚੀਨੀ ਪੱਖ ਕੋਲ ਵੀ ਕੂਟਨੀਤਕ ਪੱਧਰ 'ਤੇ ਉਠਾਇਆ ਗਿਆ ਹੈ ਅਤੇ ਅਜਿਹੀ ਕਾਰਵਾਈ ਤੋਂ ਇਨਕਾਰ ਕੀਤਾ ਗਿਆ ਹੈ।
ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਚੀਨੀ ਫੌਜੀਆਂ ਨੇ 9 ਦਸੰਬਰ ਨੂੰ ਤਵਾਂਗ ਸੈਕਟਰ ਦੇ ਯਾਂਗਤਸੇ ਸੈਕਟਰ ਵਿੱਚ ਸਥਿਤੀ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਕੀਤੀ, ਜਿਸ ਦਾ ਭਾਰਤੀ ਫੌਜੀਆਂ ਨੇ ਕਰੜਾ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਿ ਇਸ ਝੜਪ 'ਚ ਕਿਸੇ ਫੌਜੀ ਦੀ ਮੌਤ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਗੰਭੀਰ ਜ਼ਖਮੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਚੀਨੀ ਪੱਖ ਕੋਲ ਵੀ ਕੂਟਨੀਤਕ ਪੱਧਰ 'ਤੇ ਉਠਾਇਆ ਗਿਆ ਹੈ ਅਤੇ ਅਜਿਹੀ ਕਾਰਵਾਈ ਤੋਂ ਇਨਕਾਰ ਕੀਤਾ ਗਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਦੇ ਮੁੱਦੇ 'ਤੇ ਪਹਿਲਾਂ ਲੋਕ ਸਭਾ ਅਤੇ ਬਾਅਦ 'ਚ ਰਾਜ ਸਭਾ 'ਚ ਦਿੱਤੇ ਬਿਆਨ 'ਚ ਇਹ ਗੱਲ ਕਹੀ। ਰੱਖਿਆ ਮੰਤਰੀ ਦੇ ਬਿਆਨ ਤੋਂ ਬਾਅਦ ਰਾਜ ਸਭਾ ਵਿਚ ਕਾਂਗਰਸ ਅਤੇ ਵਿਰੋਧੀ ਧਿਰ ਦੇ ਕਈ ਮੈਂਬਰ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਸਨ ਪਰ ਚੇਅਰ ਤੋਂ ਇਜਾਜ਼ਤ ਨਾ ਮਿਲਣ 'ਤੇ ਉਹ ਸਦਨ ਤੋਂ ਬਾਹਰ ਚਲੇ ਗਏ। ਇਸ ਮੁੱਦੇ 'ਤੇ ਕੁੱਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ 'ਚੋਂ ਵਾਕਆਊਟ ਵੀ ਕੀਤਾ।
ਰਾਜਨਾਥ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ “9 ਦਸੰਬਰ, 2022 ਨੂੰ ਚੀਨੀ ਸੈਨਿਕਾਂ ਨੇ ਤਵਾਂਗ ਸੈਕਟਰ ਦੇ ਯਾਂਗਤਸੇ ਸੈਕਟਰ ਵਿਚ ਅਸਲ ਕੰਟਰੋਲ ਰੇਖਾ (ਐਲਓਸੀ) ਉੱਤੇ ਘੇਰਾਬੰਦੀ ਕਰ ਕੇ ਇੱਕਤਰਫ਼ਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਸਾਡੀ ਫੌਜ ਨੇ ਦ੍ਰਿੜਤਾ ਨਾਲ ਚੀਨ ਦੀ ਇਸ ਕੋਸ਼ਿਸ਼ ਦਾ ਸਾਹਮਣਾ ਕੀਤਾ।
ਉਹਨਾਂ ਕਿਹਾ ਕਿ ਝੜਪ ਦੇ ਨਤੀਜੇ ਵਜੋਂ ਹੱਥੋਪਾਈ ਹੋਈ। ਭਾਰਤੀ ਫੌਜ ਨੇ ਬਹਾਦਰੀ ਨਾਲ ਚੀਨੀ ਸੈਨਿਕਾਂ ਨੂੰ ਸਾਡੇ ਖੇਤਰ 'ਤੇ ਘੇਰਾ ਪਾਉਣ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਆਪਣੀ ਚੌਕੀ ਵੱਲ ਪਿੱਛੇ ਹਟਣ ਲਈ ਮਜ਼ਬੂਰ ਕੀਤਾ।
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਫੌਜੀ ਕਮਾਂਡਰਾਂ ਦੀ ਸਮੇਂ ਸਿਰ ਦਖਲਅੰਦਾਜ਼ੀ ਕਾਰਨ ਚੀਨੀ ਫੌਜੀ ਆਪਣੇ ਟਿਕਾਣਿਆਂ 'ਤੇ ਪਿੱਛੇ ਹਟ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਥਾਨਕ ਕਮਾਂਡਰ ਨੇ ਸਥਾਪਿਤ ਪ੍ਰਬੰਧਾਂ ਤਹਿਤ 11 ਦਸੰਬਰ 2022 ਨੂੰ ਆਪਣੇ ਚੀਨੀ ਹਮਰੁਤਬਾ ਨਾਲ ਫਲੈਗ ਮੀਟਿੰਗ ਕੀਤੀ ਅਤੇ ਘਟਨਾ ਬਾਰੇ ਚਰਚਾ ਕੀਤੀ।
ਰਾਜਨਾਥ ਸਿੰਘ ਨੇ ਕਿਹਾ ਕਿ ਚੀਨੀ ਪੱਖ ਨੂੰ ਅਜਿਹੀ ਕਾਰਵਾਈ ਨਾ ਕਰਨ ਲਈ ਕਿਹਾ ਗਿਆ ਹੈ ਅਤੇ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਹੈ।
ਰੱਖਿਆ ਮੰਤਰੀ ਨੇ ਕਿਹਾ, ''ਇਸ ਮੁੱਦੇ ਨੂੰ ਚੀਨੀ ਪੱਖ ਨਾਲ ਕੂਟਨੀਤਕ ਪੱਧਰ 'ਤੇ ਵੀ ਉਠਾਇਆ ਗਿਆ ਹੈ। ਉਨ੍ਹਾਂ ਕਿਹਾ, "ਮੈਂ ਇਸ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਫੌਜਾਂ ਸਾਡੀ ਖੇਤਰੀ ਅਖੰਡਤਾ (ਸਰਹੱਦਾਂ) ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ, ਅਤੇ ਇਸ ਵਿਰੁੱਧ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਹਮੇਸ਼ਾ ਤਿਆਰ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਸਦਨ ਸਰਬਸੰਮਤੀ ਨਾਲ ਸਾਡੀਆਂ ਫੌਜਾਂ ਦੀ ਬਹਾਦਰੀ ਅਤੇ ਸਾਹਸ ਦਾ ਸਮਰਥਨ ਕਰੇਗਾ।