ਐਸ.ਆਈ.ਆਰ. ਦੇ ਪਹਿਲੇ ਪੜਾਅ ’ਚ ਮਿਲੀਆਂ ਗੰਭੀਰ ਖ਼ਾਮੀਆਂ, ਚੋਣ ਕਮਿਸ਼ਨ ਨੇ ਵਿਸਤ੍ਰਿਤ ਜਾਂਚ ਦੇ ਹੁਕਮ ਦਿਤੇ
ਕੋਲਕਾਤਾ : ਚੋਣ ਕਮਿਸ਼ਨ ਨੇ ਸ਼ੁਕਰਵਾਰ ਨੂੰ ਪਛਮੀ ਬੰਗਾਲ ਸੂਬੇ ਲਈ ਹਲਕੇ ਅਨੁਸਾਰ ਵੋਟਰ ਸੂਚੀਆਂ ਵਿਚੋਂ ਹਟਾਏ ਗਏ ਨਾਵਾਂ ਦੇ ਵੇਰਵੇ ਜਾਰੀ ਕੀਤੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਪ੍ਰਕਿਰਿਆ ਤਹਿਤ ਗਿਣਤੀ ਫਾਰਮ ਜਮ੍ਹਾਂ ਕਰਨ ਦੀ ਆਖਰੀ ਤਰੀਕ ਖਤਮ ਹੋਣ ਤੋਂ ਇਕ ਦਿਨ ਬਾਅਦ ਸੂਬੇ ਵਿਚ ਮਹੱਤਵਪੂਰਨ ਗੜਬੜੀਆਂ ਸਾਹਮਣੇ ਆਈਆਂ ਹਨ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਵਾਨੀਪੁਰ ਹਲਕੇ ਵਿਚਲੇ ਨਾਂ, ਪੂਰਬਾ ਮੇਦਿਨੀਪੁਰ ਜ਼ਿਲ੍ਹੇ ਵਿਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਨੰਦੀਗ੍ਰਾਮ ਹਲਕੇ ਵਿਚਲੇ ਨਾਵਾਂ ਨਾਲੋਂ ਲਗਭਗ ਚਾਰ ਗੁਣਾ ਜ਼ਿਆਦਾ ਹਟਾਏ ਗਏ ਹਨ।
ਚੋਣ ਕਮਿਸ਼ਨ ਦੇ ਇਕ ਅਧਿਕਾਰੀ ਮੁਤਾਬਕ ਜਨਵਰੀ 2025 'ਚ ਪ੍ਰਕਾਸ਼ਿਤ ਸੂਚੀਆਂ ’ਚ 1,61,509 ਵੋਟਰ ਸਨ ਭਬਾਨੀਪੁਰ ’ਚ ਤਾਜ਼ਾ ਸੋਧ ’ਚ 44,787 ਵੋਟਰਾਂ ਨੂੰ ਹਟਾ ਦਿਤਾ ਗਿਆ ਹੈ, ਜਦੋਂ ਕਿ 2,78,212 ਵੋਟਰਾਂ ਵਾਲੇ ਨੰਦੀਗ੍ਰਾਮ ’ਚੋਂ 10,599 ਵੋਟਰਾਂ ਨੂੰ ਹਟਾ ਦਿਤਾ ਗਿਆ ਹੈ। ਇਹੀ ਨਹੀਂ ਵੋਟਰ ਸੂਚੀਆਂ ਵਿਚ ਵੱਡੀ ਪੱਧਰ ’ਤੇ ਗੜਬੜੀਆਂ ਮਿਲੀਆਂ ਹਨ ਜਿਸ ਕਾਰਨ ਚੋਣ ਕਮਿਸ਼ਨ ਨੇ ਗਿਣਤੀ ਫ਼ਾਰਮਾਂ ਦੀ ਵਿਸਤ੍ਰਿਤ ਤਸਦੀਕ ਦੇ ਹੁਕਮ ਦਿਤੇ ਹਨ। ਮੁੱਖ ਚੋਣ ਅਫ਼ਸਰ ਨੇ ਕਿਹਾ ਕਿ 85,01,486 ਮਾਮਲਿਆਂ ਵਿਚ ਪਿਤਾਵਾਂ ਦੇ ਨਾਂ ਗ਼ਲਤ ਹਨ ਜਾਂ ਮੇਲ ਨਹੀਂ ਖਾਂਦੇ। ਇਹ ਕੁੱਲ ਵੋਟਰਾਂ ਦਾ 11.09 ਫ਼ੀ ਸਦੀ ਹੈ। (ਪੀਟੀਆਈ)
