ਸੁਪਰੀਮ ਕੋਰਟ ਨੇ ਕਿਹਾ, ਸਬਕ ਸਿਖਾਉਣਾ ਜ਼ਰੂਰੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2024 ਮੁੰਬਈ ਬੀ.ਐਮ.ਡਬਲਯੂ. ‘ਹਿੱਟ ਐਂਡ ਰਨ’ ਮਾਮਲੇ ’ਚ ਸ਼ਿਵ ਸੈਨਾ ਦੇ ਸਾਬਕਾ ਨੇਤਾ ਦੇ ਬੇਟੇ ਮਿਹਿਰ ਸ਼ਾਹ ਦੀ ਜ਼ਮਾਨਤ ਪਟੀਸ਼ਨ ਉਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਏ.ਜੀ. ਮਸੀਹ ਦੀ ਬੈਂਚ ਨੇ ਇਸ ਗੱਲ ਉਤੇ ਵਿਚਾਰ ਕੀਤਾ ਕਿ ਮੁਲਜ਼ਮ ਇਕ ਅਮੀਰ ਪਰਵਾਰ ਨਾਲ ਸਬੰਧਤ ਸੀ ਅਤੇ ਉਸ ਦੇ ਪਿਤਾ ਸ਼ਿਵ ਸੈਨਾ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨਾਲ ਜੁੜੇ ਹੋਏ ਸਨ।
ਬੈਂਚ ਨੇ ਸ਼ੁਕਰਵਾਰ ਨੂੰ ਜ਼ਮਾਨਤ ਪਟੀਸ਼ਨ ਉਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘‘ਉਹ ਅਪਣੀ ਮਰਸਡੀਜ਼ ਨੂੰ ਸ਼ੈੱਡ ਵਿਚ ਖੜਾ ਕਰਦਾ ਹੈ, ਅਪਣੀ ਬੀ.ਐਮ.ਡਬਲਯੂ. ਕੱਢਦਾ ਹੈ ਅਤੇ ਇਸ ਨਾਲ ਟੱਕਰ ਮਾਰਦਾ ਹੈ ਅਤੇ ਫਰਾਰ ਹੋ ਜਾਂਦਾ ਹੈ। ਉਸ ਨੂੰ ਕੁੱਝ ਦੇਰ ਲਈ ਅੰਦਰ ਰਹਿਣ ਦਿਓ। ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ।’’ ਸ਼ਾਹ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਰੇਬੇਕਾ ਜੌਹਨ ਨੇ ਕਿਹਾ ਕਿ ਹਾਈ ਕੋਰਟ ਨੇ ਇਸ ਮਾਮਲੇ ’ਚ ਮੁੱਖ ਗਵਾਹਾਂ ਦੀ ਗਵਾਹੀ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਲੈਣ ਦੀ ਇਜਾਜ਼ਤ ਦਿਤੀ ਸੀ। ਹਾਲਾਂਕਿ ਅਦਾਲਤ ਦੇ ਮੂਡ ਨੂੰ ਸਮਝਦਿਆਂ ਉਨ੍ਹਾਂ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ, ਜਿਸ ਨੂੰ ਮਨਜ਼ੂਰੀ ਦੇ ਦਿਤੀ ਗਈ।
ਦੱਸਣਯੋਗ ਹੈ ਕਿ 24 ਸਾਲਾ ਸ਼ਾਹ ਨੂੰ ਪਿਛਲੇ ਸਾਲ 9 ਜੁਲਾਈ ਨੂੰ ਮੁੰਬਈ ਦੇ ਵਰਲੀ ਇਲਾਕੇ ’ਚ ਕਥਿਤ ਤੌਰ ਉਤੇ ਅਪਣੀ ਬੀ.ਐੱਮ.ਡਬਲਿਊ ਕਾਰ ਨੂੰ ਦੋ ਪਹੀਆ ਵਾਹਨ ਨਾਲ ਟੱਕਰ ਮਾਰਨ ਤੋਂ ਦੋ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ’ਚ ਕਾਵੇਰੀ ਨਖਵਾ (45) ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਪ੍ਰਦੀਪ ਨਖਵਾ ਜ਼ਖਮੀ ਹੋ ਗਿਆ ਸੀ।
