ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ, ਸੰਸਦ ਮੈਂਬਰਾਂ ਨੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਕੀਤੀ ਭੇਟ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਨੇ 2001 ’ਚ ਸੰਸਦ ਭਵਨ ਉਤੇ ਅਤਿਵਾਦੀ ਹਮਲੇ ਨੂੰ ਰੋਕਣ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਹਮਲੇ ਦੀ 24ਵੀਂ ਵਰ੍ਹੇਗੰਢ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਭਾ ਦੇ ਪ੍ਰਧਾਨ ਰਾਧਾਕ੍ਰਿਸ਼ਨਨ ਨੇ ਸੱਭ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ। ਇਸ ਦਿਨ ਨੂੰ ਮਨਾਉਣ ਲਈ ਹਰ 13 ਦਸੰਬਰ ਨੂੰ ਪੁਰਾਣੇ ਸੰਸਦ ਭਵਨ (ਸੰਵਿਧਾਨ ਸਦਨ) ਦੇ ਬਾਹਰ ਇਕ ਸੰਖੇਪ ਸਮਾਗਮ ਕੀਤਾ ਜਾਂਦਾ ਸੀ।
ਇਸ ਤੋਂ ਇਲਾਵਾ, ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੰਸਦ ਦੀ ਰੱਖਿਆ ਕਰਦੇ ਹੋਏ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ‘ਬਹਾਦਰ ਨਾਇਕਾਂ’ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਦੇਸ਼ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰਾਂ ਦਾ ਰਿਣੀ ਹੈ।
ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ਸਮਾਗਮ ਵਾਲੀ ਥਾਂ ਉਤੇ ਸਲਾਮੀ ਜਾਂ ‘ਸਨਮਾਨ ਗਾਰਡ’ ਪੇਸ਼ ਕੀਤੀ, ਜਿਸ ਤੋਂ ਬਾਅਦ ਵਰ੍ਹੇਗੰਢ ਦੇ ਮੌਕੇ ਉਤੇ ਇਕ ਪਲ ਦਾ ਮੌਨ ਰੱਖਿਆ ਗਿਆ। 2023 ਤਕ ਸੀ.ਆਰ.ਪੀ.ਐਫ. ‘ਸਲਾਮੀ ਸ਼ਸਤਰ’ ਪੇਸ਼ ਕਰਦਾ ਸੀ।
ਇਸ ਮੌਕੇ ਕਾਂਗਰਸ ਨੇਤਾ ਸੋਨੀਆ ਗਾਂਧੀ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਕੇਂਦਰੀ ਮੰਤਰੀ ਕਿਰਨ ਰਿਜਿਜੂ, ਜਤਿੰਦਰ ਸਿੰਘ ਅਤੇ ਅਰਜੁਨ ਰਾਮ ਮੇਘਵਾਲ ਵੀ ਹਮਲੇ ਨੂੰ ਨਾਕਾਮ ਕਰਨ ਲਈ ਗਏ ਜਵਾਨਾਂ ਦੀਆਂ ਤਸਵੀਰਾਂ ਉਤੇ ਫੁੱਲਾਂ ਦੀਆਂ ਪੱਤੀਆਂ ਭੇਟ ਕਰਨ ਲਈ ਕਤਾਰਾਂ ਵਿਚ ਖੜ੍ਹੇ ਸਨ।
ਲੋਕ ਸਭਾ ਸਪੀਕਰ ਓਮ ਬਿਰਲਾ ਸੰਸਦ ਦੇ ਹੇਠਲੇ ਸਦਨ ਦੇ ਸਾਬਕਾ ਸਪੀਕਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲਾਤੂਰ ਪਹੁੰਚੇ ਹਨ।
ਇਸ ਤੋਂ ਬਾਅਦ ਮੋਦੀ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਵਿਚ ਕਿਹਾ, ‘‘ਸਾਡਾ ਦੇਸ਼ ਉਨ੍ਹਾਂ ਲੋਕਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ 2001 ਵਿਚ ਸਾਡੀ ਸੰਸਦ ਉਤੇ ਹੋਏ ਘਿਨਾਉਣੇ ਹਮਲੇ ਦੌਰਾਨ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ।’’
ਇਸ ਹਮਲੇ ’ਚ ਦਿੱਲੀ ਪੁਲਿਸ ਦੇ ਛੇ ਜਵਾਨ, ਸੰਸਦ ਸੁਰੱਖਿਆ ਸੇਵਾ ਦੇ ਦੋ ਜਵਾਨ, ਇਕ ਮਾਲੀ ਅਤੇ ਇਕ ਟੀ.ਵੀ. ਪੱਤਰਕਾਰ ਮਾਰੇ ਗਏ। ਸਾਰੇ ਪੰਜ ਅਤਿਵਾਦੀਆਂ ਨੂੰ ਉਸ ਸਮੇਂ ਦੇ ਸੰਸਦ ਭਵਨ ਦੇ ਵਿਹੜੇ ਵਿਚ ਗੋਲੀ ਮਾਰ ਦਿਤੀ ਗਈ ਸੀ।
