
ਪੱਤਰਕਾਰ ਛਤਰਪਤੀ ਹੱਤਿਆ ਕਾਂਡ ਦੇ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਹੁਣ ਸਜ਼ਾ ਕਿੱਥੇ ਸੁਣਾਈ ਜਾਵੇਗੀ........
ਪੰਚਕੂਲਾ : ਪੱਤਰਕਾਰ ਛਤਰਪਤੀ ਹੱਤਿਆ ਕਾਂਡ ਦੇ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਹੁਣ ਸਜ਼ਾ ਕਿੱਥੇ ਸੁਣਾਈ ਜਾਵੇਗੀ। ਇਸ ਬਾਰੇ ਪ੍ਰਸ਼ਾਸਨ ਪੁਲਿਸ ਤੇ ਸਰਕਾਰ ਦੁਚਿੱਤੀ 'ਚ ਹੈ। ਹੁਣ ਬਾਬੇ ਨੂੰ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ ਵਿਚ ਸੁਣਾਈ ਜਾਵੇਗੀ ਜਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੰਚਕੂਲਾ 'ਚ ਸੁਣਾਈ ਜਾਵੇਗੀ। ਇਹ ਵੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਗੁਰਮੀਤ ਸਿੰਘ ਨੂੰ ਪੰਚਕੂਲਾ ਵਿਚ ਲਿਆਂਦਾ ਜਾਵੇਗਾ ਜਾਂ ਨਹੀਂ। ਪੁਲਿਸ ਨੇ ਭਾਵੇਂ ਪੰਚਕੂਲਾ ਵਿਚ ਦਫ਼ਾ 144 ਹਟਾਈ ਹੈ ਪਰ ਨਾਕਾਬੰਦੀ ਪੂਰੀ ਕੀਤੀ ਹੋਈ ਹੈ। ਜ਼ਿਲ੍ਹਾ ਅਦਾਲਤ ਦੇ ਆਸਪਾਸ ਪੁਲਿਸ ਨੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਹੋਈ ਹੈ।
ਸ਼ਹਿਰ ਦੇ ਲੋਕਾਂ ਵਿਚ ਇਕ ਵਾਰ ਫਿਰ ਇਹ ਡਰ ਫੈਲਿਆ ਹੋਇਆ ਹੈ ਕਿ ਪੰਚਕੂਲਾ ਵਿਚ ਜਦੋਂ ਪਿਛਲੇ ਵਾਰ ਬਾਬੇ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਬਾਬੇ ਦੇ ਸਮਰਥਕਾਂ ਨੇ ਪੰਚਕੂਲਾ ਵਿਚ ਕਈ ਥਾਈਂ ਤੋੜ ਫੋੜ ਕੀਤੀ ਤੇ ਕਈ ਜਗ੍ਹਾ ਅੱਗਾਂ ਲਾਈਆਂ ਸਨ। ਪੰਚਕੂਲਾ ਵਿਚ 17 ਜਨਵਰੀ ਤਕ 9ਵੀਂ ਬਟਾਲੀਅਨ ਫੋਰਸ ਤਾਇਨਾਤ ਰਹੇਗੀ। ਜਦਕਿ ਸਿਵਲ ਵਰਦੀ ਵਿਚ ਬਾਬੇ ਦੇ ਨਾਮ ਚਰਚਾ ਘਰਾਂ ਦੇ ਆਸਪਾਸ ਪੁਲਿਸ ਨੇ ਨਜ਼ਰਾਂ ਜਮਾਈਆਂ ਹੋਈਆਂ ਹਨ। ਉਧਰ ਪੁਲਿਸ ਨੇ ਸ਼ਹਿਰ ਵਾਸੀਆਂ ਦਾ ਧਨਵਾਦ ਵੀ ਕੀਤਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ 11 ਜਨਵਰੀ ਨੂੰ ਸਹਿਯੋਗ ਦਿਤਾ ਹੈ ਉਸੇ ਤਰ੍ਹਾਂ ਦਾ ਸਹਿਯੋਗ ਉਹ ਹੁਣ 17 ਜਨਵਰੀ ਨੂੰ ਦੇਣ।
ਪੰਚਕੂਲਾ ਦੇ ਡੀਸਪੀ ਕਮਲਦੀਪ ਨੇ ਕਿਹਾ ਕਿ ਪੰਚਕੂਲਾ ਦੇ ਲੋਕਾਂ ਨੂੰ 17 ਜਨਵਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ। ਬੈਲਾਵਿਸਟਾ ਚੌਕ, ਮਾਜਰੀ ਚੌਕ, ਮਨੀਮਾਜਰਾ ਐਂਟਰੀ ਪੁਆਇੰਟ, ਜੀਰਕਪੁਰ ਐਂਟਰੀ ਪੁਆਇੰਟ, ਹਰਮਿਲਾਪ ਨਗਰ ਦਾ ਐਂਟਰੀ ਪੁਆਇੰਟਾਂ 'ਤੇ ਚੈਕਿੰਗ ਜਾਰੀ ਰਹੇਗੀ। 17 ਜਨਵਰੀ ਨੂੰ ਜਦੋਂ ਬਾਬੇ ਨੂੰ ਸਜਾ ਸੁਣਾਈ ਜਾਣੀ ਹੈ ਤਾਂ ਸ਼ਹਿਰ ਵਿਚ ਵੱਡੀ ਗਿਣਤੀ ਦੇ ਕੈਮਰਿਆਂ ਰਾਹੀਂ ਸ਼ਹਿਰ ਵਿਚ ਨਜ਼ਰ ਰੱਖੀ ਜਾਵੇਗੀ ਤਾਂ ਕਿ ਕਿਤੇ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।