
Villupuram train derailed: ਟਰੇਨ ’ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ
Villupuram train derailed: ਪੋਂਗਲ ਤਿਉਹਾਰ ਵਾਲੇ ਦਿਨ 14 ਜਨਵਰੀ ਦੀ ਸਵੇਰ ਨੂੰ ਤਾਮਿਲਨਾਡੂ ਦੇ ਵਿੱਲੂਪੁਰਮ ਰੇਲਵੇ ਸਟੇਸ਼ਨ ਦੇ ਨੇੜੇ ਇਕ ਵੱਡਾ ਰੇਲ ਹਾਦਸਾ ਟਲ ਗਿਆ। ਪੁਡੂਚੇਰੀ ਜਾ ਰਹੀ ਯਾਤਰੀ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ, ਪਰ ਲੋਕੋ ਪਾਇਲਟ ਦੀ ਚੌਕਸੀ ਅਤੇ ਸਮੇਂ ਸਿਰ ਟਰੇਨ ਦੇ ਰੁਕਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਵਿਲੂਪੁਰਮ ਰੇਲਵੇ ਸਟੇਸ਼ਨ ਨੇੜੇ ਸਵੇਰੇ 5:25 ਵਜੇ ਵਾਪਰੀ। ਐਮਈਐਮਯੂ ਟਰੇਨ (ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ), ਜੋ ਕਿ ਛੋਟੀ ਦੂਰੀ ਦੀ ਯਾਤਰਾ ਕਰਦੀ ਹੈ, ਇਕ ਮੋੜ ਨੂੰ ਪਾਰ ਕਰਦੇ ਸਮੇਂ ਪਟੜੀ ਤੋਂ ਉਤਰ ਗਈ। ਟਰੇਨ ’ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਰੇਲਵੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਨੂੰ ਤੁਰਤ ਮੌਕੇ ’ਤੇ ਭੇਜਿਆ ਗਿਆ। ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਹੋਰ ਰੇਲ ਗੱਡੀਆਂ ਦੇ ਰੂਟ ਸਾਫ਼ ਕੀਤੇ ਜਾ ਰਹੇ ਹਨ। ਵਿਲੂਪੁਰਮ ਰੇਲਵੇ ਪੁਲਿਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ। ਘਟਨਾ ਦੇ ਕਾਰਨਾਂ ਦੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਪੋਂਗਲ, ਤਾਮਿਲ ਹਿੰਦੂਆਂ ਦਾ ਇਕ ਪ੍ਰਮੁੱਖ ਤਿਉਹਾਰ, ਖ਼ੁਸ਼ੀ ਅਤੇ ਜਸ਼ਨ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਟਰੇਨ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ।