
Asaram Bail News: 31 ਮਾਰਚ ਤਕ ਜੇਲ ਤੋਂ ਬਾਹਰ ਰਹਿ ਕੇ ਕਰਵਾ ਸਕੇਗਾ ਅਪਣਾ ਇਲਾਜ
Asaram Bail News: ਰਾਜਸਥਾਨ ਹਾਈ ਕੋਰਟ ਨੇ ਮੰਗਲਵਾਰ ਨੂੰ 2013 ਦੇ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੰਤ ਆਸਾਰਾਮ ਨੂੰ 31 ਮਾਰਚ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਇਕ ਹਫ਼ਤਾ ਪਹਿਲਾਂ, ਸੁਪਰੀਮ ਕੋਰਟ ਨੇ ਇਕ ਹੋਰ ਬਲਾਤਕਾਰ ਦੇ ਮਾਮਲੇ ਵਿਚ ਆਸਾਰਾਮ ਨੂੰ 31 ਮਾਰਚ ਤਕ ਜ਼ਮਾਨਤ ਦਿੰਦੇ ਹੋਏ ਕਿਹਾ ਸੀ ਕਿ ਉਹ ਕਈ ਬਿਮਾਰੀਆਂ ਤੋਂ ਪੀੜਤ ਹੈ ਅਤੇ ਉਸਨੂੰ ਇਲਾਜ ਦੀ ਲੋੜ ਹੈ।
ਚੋਟੀ ਦੀ ਅਦਾਲਤ ਵਲੋਂ ਮੈਡੀਕਲ ਆਧਾਰ ’ਤੇ ਰਾਹਤ ਦੇਣ ਤੋਂ ਤੁਰਤ ਬਾਅਦ ਆਸਾਰਾਮ ਦੇ ਵਕੀਲਾਂ ਨੇ ਸਜ਼ਾ ਨੂੰ ਮੁਅੱਤਲ ਕਰਨ ਲਈ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਦੀ ਡਵੀਜ਼ਨ ਬੈਂਚ ਨੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਕਿਉਂਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਰਗੀ ਸੀ।
ਆਸਾਰਾਮ ਦੇ ਵਕੀਲ ਨਿਸ਼ਾਂਤ ਬੋਰਾ ਨੇ ਕਿਹਾ, ‘ਅਸੀਂ ਦਲੀਲ ਦਿਤੀ ਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ਵਰਗੀ ਹੈ ਅਤੇ ਇਸ ਮਾਮਲੇ ’ਚ ਵੀ ਆਧਾਰ ਜਾਇਜ਼ ਹਨ।’’ ਉਨ੍ਹਾਂ ਕਿਹਾ ਕਿ ਇਕ ਸ਼ਰਤ ਨੂੰ ਛੱਡ ਕੇ ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀਆਂ ਸ਼ਰਤਾਂ ਉਹੀ ਹਨ, ਜਿਹੜੀਆਂ ਸੁਪਰੀਮ ਕੋਰਟ ਨੇ 7 ਜਨਵਰੀ ਨੂ ਤੈਅ ਕੀਤੀਆਂ ਸਨ।
ਬੋਰਾ ਨੇ ਕਿਹਾ, ‘‘ਜੇਕਰ ਆਸਾਰਾਮ (ਜੋਧਪੁਰ ਤੋਂ) ਬਾਹਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਅਪਣੇ ਨਾਲ ਆਉਣ ਵਾਲੇ ਤਿੰਨ ਕਾਂਸਟੇਬਲਾਂ ਦਾ ਖ਼ਰਚਾ ਚੁੱਕਣਾ ਪਵੇਗਾ।’’ ਹੇਠਲੀ ਅਦਾਲਤ ਨੇ ਆਸਾਰਾਮ ਨੂੰ 2013 ’ਚ ਜੋਧਪੁਰ ਸਥਿਤ ਉਸ ਦੇ ਆਸ਼ਰਮ ’ਚ ਇਕ ਨਾਬਾਲਗ਼ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਅਪ੍ਰੈਲ 2018 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।