
Mahakumbh 2025: ਸ਼ਰਧਾਲੂਆਂ ਦੇ ਨਾਲ ਨਾਲ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਵੀ ਹੋਏ ਬਿਮਾਰ
Mahakumbh 2025: ਮਹਾਕੁੰਭ ਦੇ ਪਹਿਲੇ ਇਸ਼ਨਾਨ ਮੇਲੇ ’ਤੇ ਕੜਾਕੇ ਦੀ ਠੰਢ ਨੇ ਸ਼ਰਧਾਲੂਆਂ ’ਤੇ ਭਾਰੀ ਪੈ ਗਈ। ਸੋਮਵਾਰ ਨੂੰ 3000 ਤੋਂ ਵੱਧ ਮਰੀਜ਼ ਇਲਾਜ ਲਈ ਮੇਲਾ ਖੇਤਰ ਦੇ ਕੇਂਦਰੀ ਹਸਪਤਾਲ ਅਤੇ ਹੋਰ ਹਸਪਤਾਲਾਂ ਦੀ ਓ.ਪੀ.ਡੀ. ’ਚ ਪਹੁੰਚੇ। ਕੜਾਕੇ ਦੀ ਠੰਢ ਕਾਰਨ ਸੈਂਕੜੇ ਸ਼ਰਧਾਲੂ ਬਿਮਾਰ ਹੋ ਗਏ।
ਮਰੀਜ਼ਾਂ ਵਿਚ 85 ਸਾਲਾ ਅਰਜੁਨ ਗਿਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਐਸਆਰਐਨ ਹਸਪਤਾਲ ਲਿਆਂਦਾ ਗਿਆ ਪਰ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਐਸਆਰਐਨ ਹਸਪਤਾਲ ਦੇ ਮੀਡੀਆ ਇੰਚਾਰਜ ਸੰਤੋਸ਼ ਸਿੰਘ ਅਨੁਸਾਰ ਮਰੀਜ਼ ਨੂੰ ਸ਼ਾਮ 6 ਵਜੇ 108 ਐਂਬੂਲੈਂਸ ਰਾਹੀਂ ਟਰੌਮਾ ਸੈਂਟਰ ਲਿਆਂਦਾ ਗਿਆ। ਪਰ ਜਾਂਚ ਤੋਂ ਪਤਾ ਲੱਗਾ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਦੀ ਮੌਤ ਹੋ ਚੁਕੀ ਸੀ।
ਕੇਂਦਰੀ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਡਾ: ਮਨੋਜ ਕੁਮਾਰ ਕੌਸ਼ਿਕ ਨੇ ਦਸਿਆ ਕਿ ਸੋਮਵਾਰ ਨੂੰ ਓ.ਪੀ.ਡੀ. ਵਿਚ 3104 ਮਰੀਜ਼ ਇਲਾਜ ਲਈ ਪਹੁੰਚੇ। ਇਨ੍ਹਾਂ ’ਚੋਂ 262 ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ। ਨਾਲ ਹੀ, 37 ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਰੈਫਰ ਕੀਤਾ ਗਿਆ। ਕੇਂਦਰੀ ਹਸਪਤਾਲ ਵਿਚ 650 ਮਰੀਜ਼ਾਂ ਦੀ ਜਾਂਚ ਕੀਤੀ ਗਈ। ਨਾਲ ਹੀ, ਮੇਲਾ ਖੇਤਰ ਦੇ ਝੁੰਸੀ ਅਤੇ ਅਰੈਲ ਖੇਤਰ ਦੇ ਹਸਪਤਾਲਾਂ ਦੇ ਮਰੀਜ਼ਾਂ ਨੂੰ ਐਸ.ਆਰ.ਐਨ. ਕੀਤਾ ਗਿਆ ਹੈ।
ਐਸ.ਆਰ.ਐਨ. ਹਸਪਤਾਲ ’ਚ ਰੈਫਰ ਹੋ ਕੇ ਪਹੁੰਚੇ 24 ਮਰੀਜ਼ਾਂ ’ਚੋਂ 12 ਦਾਖ਼ਲ ਕੀਤਾ ਗਿਆ ਅਤੇ ਬਾਕੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ।
ਕੇਂਦਰੀ ਹਸਪਤਾਲ ਵਿਚ ਰਾਤ 8 ਵਜੇ 20 ਮਰੀਜ਼ ਦਾਖ਼ਲ ਸਨ। ਇਸ ਵਿਚ ਸ਼ਰਧਾਲੂਆਂ ਤੋਂ ਇਲਾਵਾ ਫ਼ਾਇਰ ਵਿਭਾਗ ਦੇ ਕਾਂਸਟੇਬਲ ਵੀ ਭਰਤੀ ਹਨ। ਸਵੇਰੇ ਤੋਂ ਦੇਰ ਰਾਤ ਤਕ ਕੇਂਦਰੀ ਹਸਪਤਾਲ ਅਤੇ ਐਸ.ਆਰ.ਐਨ ਦੇ ਵਿਚਕਾਰ ਮੇਲਾ ਖੇਤਰ ਤੋਂ ਐਂਬੂਲੈਂਸਾਂ ਚੱਲਦੀਆਂ ਰਹੀਆਂ।