
ਭਾਰਤ ਨੇ ਰੂਸ ’ਚ ਅਪਣੇ ਨਾਗਰਿਕਾਂ ਦੀ ਜਲਦੀ ਰਿਹਾਈ ਦੀ ਮੰਗ ਦੁਹਰਾਈ ਹੈ
ਨਵੀਂ ਦਿੱਲੀ : ਰੂਸ ਦੀ ਫ਼ੌਜ ਵਲੋਂ ਭਰਤੀ ਕੀਤੇ ਗਏ ਇਕ ਭਾਰਤੀ ਨਾਗਰਿਕ ਦੀ ਯੂਕਰੇਨ ਨਾਲ ਚੱਲ ਰਹੇ ਸੰਘਰਸ਼ ’ਚ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਭਾਰਤ ਨੇ ਇਸ ਮਾਮਲੇ ਨੂੰ ਮਾਸਕੋ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ।
ਕੇਰਲ ਮੂਲ ਦੇ ਭਾਰਤੀ ਨਾਗਰਿਕ ਦੀ ਮੌਤ ਤੋਂ ਬਾਅਦ ਭਾਰਤ ਨੇ ਰੂਸ ਤੋਂ ਰੂਸੀ ਫੌਜ ਵਲੋਂ ਭਰਤੀ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਦੀ ਮੰਗ ਦੁਹਰਾਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਨ ਨੇ ਕਿਹਾ, ‘‘ਸਾਨੂੰ ਕੇਰਲ ਦੇ ਇਕ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਬਾਰੇ ਪਤਾ ਲੱਗਾ ਹੈ, ਜਿਸ ਨੂੰ ਰੂਸੀ ਫੌਜ ਵਿਚ ਸੇਵਾ ਕਰਨ ਲਈ ਭਰਤੀ ਕੀਤਾ ਗਿਆ ਸੀ।’’
ਉਨ੍ਹਾਂ ਕਿਹਾ ਕਿ ਕੇਰਲ ਦਾ ਇਕ ਹੋਰ ਭਾਰਤੀ ਨਾਗਰਿਕ, ਜਿਸ ਨੂੰ ਇਸੇ ਤਰ੍ਹਾਂ ਦਾਖਲ ਕਰਵਾਇਆ ਗਿਆ ਸੀ, ਜ਼ਖਮੀ ਹੋ ਗਿਆ ਹੈ ਅਤੇ ਮਾਸਕੋ ਦੇ ਇਕ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਜੈਸਵਾਲ ਨੇ ਕਿਹਾ ਕਿ ਮਾਸਕੋ ਵਿਚ ਭਾਰਤੀ ਦੂਤਘਰ ਦੋਹਾਂ ਭਾਰਤੀਆਂ ਦੇ ਪਰਵਾਰਾਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।