
ਮੌਜੂਦਾ ਲੋਕ ਸਭਾ ਦੇ ਆਖ਼ਰੀ ਇਜਲਾਸ (ਬਜਟ ਸੈਸ਼ਨ) ਦੌਰਾਨ ਵਿਵਾਦਤ ਨਾਗਰਿਕਤਾ ਸੋਧ ਬਿਲ ਅਤੇ ਤਿੰਨ ਤਲਾਕ ਬਾਬਤ ਬਿਲ ਰਾਜ ਸਭਾ 'ਚ.....
ਨਵੀਂ ਦਿੱਲੀ : ਮੌਜੂਦਾ ਲੋਕ ਸਭਾ ਦੇ ਆਖ਼ਰੀ ਇਜਲਾਸ (ਬਜਟ ਸੈਸ਼ਨ) ਦੌਰਾਨ ਵਿਵਾਦਤ ਨਾਗਰਿਕਤਾ ਸੋਧ ਬਿਲ ਅਤੇ ਤਿੰਨ ਤਲਾਕ ਬਾਬਤ ਬਿਲ ਰਾਜ ਸਭਾ 'ਚ ਪਾਸ ਨਹੀਂ ਕੀਤੇ ਜਾ ਸਕਣ ਕਰ ਕੇ ਇਨ੍ਹਾਂ ਦਾ ਬੇਅਸਰ ਹੋਣਾ ਤੈਅ ਹੈ। ਦੋਵੇਂ ਬਿਲ ਲੋਕ ਸਭਾ 'ਚ ਪਾਸ ਹੋ ਚੁੱਕੇ ਹਨ ਪਰ ਉੱਪਰਲੇ ਸਦਨ 'ਚ ਬਜਟ ਇਜਲਾਸ ਦੌਰਾਨ ਕਾਰਵਾਈ ਲਗਾਤਾਰ ਰੁਕਦੀ ਰਹਿਣ ਕਰ ਕੇ ਇਨ੍ਹਾਂ ਨੂੰ ਰਾਜ ਸਭਾ 'ਚ ਪਾਸ ਨਹੀਂ ਕੀਤਾ ਜਾ ਸਕਿਆ। 3 ਜੂਨ ਨੂੰ ਇਸ ਲੋਕ ਸਭਾ ਦਾ ਕਾਰਜਕਾਲ ਖ਼ਤਮ ਹੋਣ 'ਤੇ ਇਹ ਦੋਵੇਂ ਬਿਲ ਬੇਅਸਰ ਹੋ ਜਾਣਗੇ।
ਸੰਸਦੀ ਨਿਯਮਾਂ ਅਨੁਸਾਰ ਰਾਜ ਸਭਾ 'ਚ ਪੇਸ਼ ਕੀਤੇ ਬਿਲ ਲਟਕਦੇ ਹੋਣ ਦੀ ਸਥਿਤੀ 'ਚ ਲੋਕ ਸਭਾ ਦੇ ਭੰਗ ਹੋਣ 'ਤੇ ਬੇਅਸਰ ਨਹੀਂ ਹੁੰਦੇ। ਜਦਕਿ ਲੋਕ ਸਭਾ 'ਚ ਪਾਸ ਬਿਲ ਜੇਕਰ ਰਾਜ ਸਭਾ 'ਚ ਪਾਸ ਨਹੀਂ ਹੁੰਦੇ ਤਾ ਇਹ ਲੋਕ ਸਭਾ ਦੇ ਭੰਗ ਹੋਣ 'ਤੇ ਬੇਅਸਰ ਹੋ ਜਾਂਦੇ ਹਨ। ਰਾਜ ਸਭਾ 'ਚ ਸਰਕਾਰ ਦਾ ਬਹੁਮਤ ਨਾ ਹੋਣ ਕਰ ਕੇ ਦੋਵੇਂ ਬਿਲ ਪਾਸ ਨਹੀਂ ਹੋ ਸਕੇ। (ਪੀਟੀਆਈ)