
ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਬੁਧਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਸੰਸਦ ਇਜਲਾਸ 31 ਜਨਵਰੀ ਨੂੰ ਸ਼ੁਰੂ ਹੋਇਆ ਸੀ.....
ਨਵੀਂ ਦਿੱਲੀ : ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਬੁਧਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਸੰਸਦ ਇਜਲਾਸ 31 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਬੁਧਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਦੀਆਂ ਬੈਠਕਾਂ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈਆਂ। ਰਾਜ ਸਭਾ 'ਚ ਲਗਭਗ ਪੂਰਾ ਸੈਸ਼ਨ ਵੱਖੋ-ਵੱਖ ਪਾਰਟੀਆਂ ਦੇ ਹੰਗਾਮੇ ਦੀ ਭੇਟ ਚੜ੍ਹ ਗਿਆ ਅਤੇ ਪੂਰੇ ਇਜਲਾਸ 'ਚ ਸਿਰਫ਼ ਤਿੰਨ ਘੰਟੇ ਤੋਂ ਕੁੱਝ ਜ਼ਿਆਦਾ ਸਮਾਂ ਕੰਮ ਹੋ ਸਕਿਆ। ਜਦਕਿ 16ਵੀਂ ਲੋਕ ਸਭਾ ਦੇ ਆਖ਼ਰੀ ਇਜਲਾਸ 'ਚ ਹੇਠਲੇ ਸਦਨ 'ਚ ਹਾਲਾਂਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਧਲਵਾਦ ਮਤੇ 'ਤ ਚਰਚਾ ਹੋਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਖ਼ਲ ਵੀ
ਦਿਤਾ। ਇਸ ਤੋਂ ਇਲਾਵਾ ਅੰਤਰਿਮ ਬਜਟ ਅਤੇ ਵਿੱਤ ਬਿਲ 'ਤੇ ਵੀ ਚਰਚਾ ਹੋਈ ਜਿਸ 'ਤੇ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਜਵਾਬ ਦਿਤਾ ਅਤੇ ਸਦਨ ਨੇ ਇਸ ਨੂੰ ਮਨਜ਼ੂਰੀ ਦਿਤੀ। ਸਦਨ 'ਚ ਪੋਂਜੀ ਸਕੀਮ ਬਾਬਤ ਬਿਲ ਅਤੇ ਜਲਿਆਂ ਵਾਲਾ ਬਾਗ਼ ਰਾਸ਼ਟਰੀ ਸਮਾਰਕ ਸੋਧ ਬਿਲ 'ਤੇ ਚਰਚਾ ਹੋਈ ਅਤੇ ਸਦਨ ਨੇ ਇਨ੍ਹਾਂ ਬਿਲਾਂ ਨੂੰ ਪਾਸ ਕੀਤਾ। ਦੂਜੇ ਪਾਸੇ ਰਾਜ ਸਭਾ 'ਚ ਸੈਸ਼ਨ ਦੇ ਆਖ਼ਰੀ ਦਿਨ ਅੰਤਰਿਮ ਬਜਟ ਅਤੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧਨਵਾਦ ਮਤੇ ਨੂੰ ਬਿਨਾਂ ਚਰਚਾ ਤੋਂ ਮਨਜ਼ੂਰੀ ਦੇ ਦਿਤੀ ਗਈ। ਇਜਲਾਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਅਪਣੇ
ਰਵਾਇਤੀ ਭਾਸ਼ਣ 'ਚ ਇਜਲਾਸ ਨੂੰ 'ਗੁਆ ਦਿਤਾ ਗਿਆ ਮੌਕਾ' ਦਸਿਆ ਅਤੇ ਉਮੀਦ ਪ੍ਰਗਟਾਈ ਕਿ ਅਗਲੇ ਸੈਸ਼ਨ 'ਚ ਵੱਖੋ-ਵੱਖ ਪਾਰਟੀਆਂ ਦੇ ਮੈਂਬਰ ਸਾਕਾਰਾਤਮਕ ਯੋਗਦਾਨ ਦੇਣਗੇ।16ਵੀਂ ਲੋਕ ਸਭਾ ਦੌਰਾਨ ਸਦਨ ਦੀਆਂ ਕੁਲ 331 ਬੈਠਕਾਂ ਹੋਈਆਂ। 18 ਮਈ 2014 ਨੂੰ 16ਵੀਂ ਲੋਕ ਸਭਾ ਦੇ ਗਠਨ ਨੂੰ ਲੈ ਕੇ ਹੁਣ ਤਕ ਸਦਨ 'ਚ ਕੁਲ 219 ਬਿਲ ਪੇਸ਼ ਹੋਏ, 205 ਸਰਕਾਰੀ ਬਿਲਾਂ ਨੂੰ ਸਦਨ ਨੇ ਮਨਜ਼ੂਰੀ ਦੇ ਦਿਤੀ ਅਤੇ 9 ਸਰਕਾਰੀ ਬਿਲ ਵਾਪਸ ਲਏ ਗਏ। ਵੰਦੇ ਮਾਤਰਮ ਦੀ ਧੁਨ ਵਜਾਏ ਜਾਣ ਮਗਰੋਂ ਰਾਜ ਸਭਾ 'ਚ ਸਭਾਪਤੀ ਅਤੇ ਲੋਕ ਸਭਾ 'ਚ ਸਪੀਕਰ ਨੇ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ। (ਪੀਟੀਆਈ)