
ਅਤਿਵਾਦੀ ਹਮਲੇ ’ਚ ਦੋਵੇਂ ਜਵਾਨ ਹੋਏ ਸ਼ਹੀਦ
Wedding preparations are in full swing, coffins arrive at home Jammu Kashmir News : ਮੰਗਲਵਾਰ ਨੂੰ ਅਤਿਵਾਦੀਆਂ ਨੇ ਕੰਟਰੋਲ ਰੇਖਾ (LOC) ਦੇ ਨੇੜੇ ਇਕ IED ਧਮਾਕਾ ਕੀਤਾ ਸੀ, ਜਿਸ ਵਿਚ ਦੋ ਸੈਨਿਕ ਸ਼ਹੀਦ ਹੋ ਗਏ ਸਨ। ਇਹ ਹਮਲਾ ਦੁਪਹਿਰ 3.50 ਵਜੇ ਦੇ ਕਰੀਬ ਹੋਇਆ। ਉਸ ਸਮੇਂ, ਨਾਇਕ ਮੁਕੇਸ਼ ਸਿੰਘ ਅਤੇ ਕੈਪਟਨ ਕਰਮਜੀਤ ਸਿੰਘ ਬਖ਼ਸ਼ੀ ਅਖਨੂਰ ਦੇ ਭੱਟਲ ਖੇਤਰ ਵਿਚ ਇਕ ਫਾਰਵਰਡ ਪੋਸਟ ਦੇ ਨੇੜੇ ਗਸ਼ਤ ਕਰ ਰਹੇ ਸਨ। ਜਿਥੇ ਅਤਿਵਾਦੀਆਂ ਨੇ ਆਈਈਡੀ ਧਮਾਕਾ ਕਰ ਦਿਤਾ।
11 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਨਾਇਕਾਂ ਵਿਚੋਂ ਇਕ, ਮੁਕੇਸ਼ ਸਿੰਘ ਮਨਹਾਸ, ਦਾ ਵਿਆਹ ਅਪ੍ਰੈਲ ਵਿਚ ਹੋਣਾ ਸੀ। ਉਹ ਅਪਣੀ ਮੰਗਣੀ ਤੋਂ ਬਾਅਦ ਦੋ ਹਫ਼ਤੇ ਪਹਿਲਾਂ ਹੀ ਡਿਊਟੀ 'ਤੇ ਵਾਪਸ ਆਇਆ ਸੀ। ਉਸ ਦਾ ਪਰਵਾਰ ਸਾਂਬਾ (ਜੰਮੂ ਕਸ਼ਮੀਰ) ਵਿਚ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ।
ਦੂਜੇ ਪਾਸੇ ਕੈਪਟਨ ਕਰਮਜੀਤ 16 ਜਨਵਰੀ ਨੂੰ ਇਕ ਹਫ਼ਤੇ ਦੀ ਛੁੱਟੀ 'ਤੇ ਹਜ਼ਾਰੀਬਾਗ (ਝਾਰਖੰਡ) ਵਿਖੇ ਘਰ ਆਇਆ ਸੀ। ਇਸ ਦੌਰਾਨ ਉਹ ਇਕ ਪਰਵਾਰਕ ਵਿਆਹ ਵਿਚ ਸ਼ਾਮਲ ਹੋਇਆ ਸੀ। 24 ਜਨਵਰੀ ਨੂੰ ਉਹ ਡਿਊਟੀ ਜੁਆਇਨ ਕਰਨ ਲਈ ਜੰਮੂ ਲਈ ਰਵਾਨਾ ਹੋ ਗਿਆ। ਪਰਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਕਰਮਜੀਤ ਦਾ ਵਿਆਹ ਤੈਅ ਹੋ ਗਿਆ ਸੀ। ਉਹ 5 ਅਪ੍ਰੈਲ ਨੂੰ ਵਿਆਹ ਕਰਨ ਵਾਲੇ ਸਨ ਪਰ ਜਿਵੇਂ ਹੀ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਦੋਵੇਂ ਘਰਾਂ ਵਿਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਅਨੁਸਾਰ ਮਨਹਾਸ ਦੋ ਹਫ਼ਤਿਆਂ ਦੀ ਛੁੱਟੀ ਬਿਤਾਉਣ ਤੋਂ ਬਾਅਦ 28 ਜਨਵਰੀ ਨੂੰ ਫ਼ੌਜੀ ਕੈਂਪ ਵਾਪਸ ਆਇਆ ਸੀ। ਬੁਧਵਾਰ ਨੂੰ, ਉਸ ਦੀ ਲਾਸ਼ ਅੰਤਮ ਸੰਸਕਾਰ ਲਈ ਸਾਂਬਾ ਦੇ ਬਰੀ ਕਮਿਲਾ ਪਿੰਡ ਪਹੁੰਚੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।
ਜਾਣਕਾਰੀ ਅਨੁਸਾਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਨਹਾਸ ਇਕ ਚੰਗਾ ਕ੍ਰਿਕਟਰ ਵੀ ਸੀ। ਉਹ ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਮਨਹਾਸ ਦੇ ਬਚਪਨ ਦੇ ਦੋਸਤ ਨੇ ਦੱਸਿਆ ਕਿ ਉਹ ਕ੍ਰਿਕਟ ਪ੍ਰੇਮੀ ਸੀ। ਹਾਲ ਹੀ ਵਿੱਚ, ਜਦੋਂ ਉਹ ਆਪਣੀਆਂ ਛੁੱਟੀਆਂ ਬਿਤਾਉਣ ਪਿੰਡ ਆਇਆ ਸੀ, ਤਾਂ ਉਸ ਨੇ ਨੌਜਵਾਨਾਂ ਲਈ ਸਖ਼ਤ ਮਿਹਨਤ ਤੋਂ ਬਾਅਦ ਕ੍ਰਿਕਟ ਪਿੱਚ ਤਿਆਰ ਕਰ ਕੇ ਦਿਤੀ ਸੀ।
ਮੁਕੇਸ਼ ਦੇ ਪਿਤਾ ਇਕ ਸੇਵਾਮੁਕਤ ਪੁਲਿਸ ਮੁਲਾਜ਼ਮ ਹਨ। ਉਨ੍ਹਾਂ ਕਿਹਾ ਕਿ ਮਨਹਾਸ ਨੇ ਅਖਨੂਰ, ਜੰਮੂ ਵਿਚ ਤਾਇਨਾਤ ਹੋਣ ਤੋਂ ਪਹਿਲਾਂ ਸਿਆਚਿਨ, ਕਸ਼ਮੀਰ ਅਤੇ ਪੰਜਾਬ ਵਿਚ ਸੇਵਾ ਨਿਭਾਈ ਸੀ। ਅਪਣੇ ਪੁੱਤਰ ਦੀ ਮੌਤ 'ਤੇ ਸੋਗ ਮਨਾ ਰਹੇ ਪਿਤਾ ਨੇ ਕਿਹਾ ਕਿ ਮੁਕੇਸ਼ ਨੂੰ ਛੋਟੀ ਉਮਰ ਤੋਂ ਹੀ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਸੀ।