
ਭਾਜਪਾ ਸਾਂਸਦਾਂ ਨੂੰ ਭਾਸ਼ਾ ਦੀ ਮਰਿਆਦਾ ਠੀਕ ਕਰਨ ਦੀ ਦਿੱਤੀ ਨਸੀਹਤ
'ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਨਾ ਪਾਇਆ ਜਾਵੇ Army ਦਾ ਖਰਚਾ, ਕੇਂਦਰ ਸਰਕਾਰ ਚੁੱਕੇ ਸਾਰੀ ਜ਼ਿੰਮੇਵਾਰੀ'
ਨਵੀਂ ਦਿੱਲੀ : ਅੱਜ ਸੰਸਦ ਵਿਚ ਬੋਲਦਿਆਂ ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਭਾਜਪਾ ਜੇ ਸੰਸਦ ਮੈਂਬਰਾਂ ਵਲੋਂ ਵਰਤੀ ਗਈ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ ਅਤੇ ਆਪਣੇ ਭਾਸ਼ਣ ਦੌਰਾਨ ਭਾਜਪਾ ਵਾਲਿਆਂ ਨੂੰ ਭਾਸ਼ਾ ਦੀ ਮਰਿਆਦਾ ਸਮਝਾਉਂਦਿਆਂ ਕਿਹਾ ਕਿ ਭਾਜਪਾ ਸਾਂਸਦਾਂ ਵਲੋਂ 'ਬਕਵਾਸ' ਸ਼ਬਦ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਾਊਸ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਜਿਥੇ ਭਾਜਪਾ ਸਾਂਸਦਾਂ ਵਲੋਂ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ।
Ravneet Bittu
ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨਾ ਅਤਿ ਨਿੰਦਣਯੋਗ ਹੈ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਖਾਸ ਤੌਰ 'ਤੇ ਪਾਰਲੀਮੈਂਟ ਅਫੇਅਰ ਮੰਤਰੀ ਜੀ ਦੀ ਭਾਸ਼ਾ ਵਿਚ ਸੁਧਾਰ ਕਰਨ ਦੀ ਲੋੜ ਹੈ ਜਿਸ ਲਈ ਉਨ੍ਹਾਂ ਦੀ ਢੁਕਵੀਂ ਟਰੇਨਿੰਗ ਹੋਈ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਇਸ ਪਾਰਲੀਮੈਂਟ ਵਿਚ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਹੈ ਅਤੇ ਉਨ੍ਹਾਂ ਨੂੰ ਭਾਸ਼ਾ ਦੀ ਮਰਿਆਦਾ ਸਮਝ ਆ ਸਕੇ। ਉਨ੍ਹਾਂ ਦੀ ਗੱਲ 'ਤੇ ਬੋਲਦਿਆਂ ਸਪੀਕਰ ਨੇ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਵੀ ਅਜਿਹੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰੇਗਾ ਤਾਂ ਉਸ ਨੂੰ ਸਦਨ ਵਿਚੋਂ ਕੱਢ ਦਿਤਾ ਜਾਵੇਗਾ।
Ravneet Bittu
ਰਵਨੀਤ ਬਿੱਟੂ ਨੇ ਅੱਗੇ ਬੋਲਦਿਆਂ ਦੱਸਿਆ ਕਿ ਹੋਮ ਕਮੇਟੀ ਵਿਚ ਉਨ੍ਹਾਂ ਨੂੰ ਦੋ ਤਿੰਨ ਵਾਰ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਅਤੇ ਜੋ ਜੋ ਚੀਜ਼ ਉਥੇ ਦੱਸੀਆਂ ਗਈਆਂ ਸਨ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹਾਊਸ ਬੋਟ ਵਾਲਿਆਂ ਨੂੰ ਲੱਕੜ ਦੀ ਮਦਦ ਦੀ ਜ਼ਰੂਰਤ ਹੈ ਜੇਕਰ ਉਨ੍ਹਾਂ ਦੀ ਇਹ ਸਹਾਇਤਾ ਹੋਵੇਗੀ ਤਾਂ ਉਹ ਆਪਣਾ ਕੰਮ ਮੁੜ ਸੁਰਜੀਤ ਕਰ ਸਕਣਗੇ। ਇਸ ਤੋਂ ਇਲਾਵਾ ਉਥੋਂ ਦੇ ਹੈਂਡਲੂਮ ਕਾਰੀਗਰਾਂ ਅਤੇ ਹਸਤਕਾਰਾਂ ਨੂੰ ਜੇਕਰ ਕੋਈ ਸਹੂਲਤ ਦਿਤੀ ਜਾਵੇ ਤਾਂ ਉਨ੍ਹਾਂ ਦੀ ਵੱਡੀ ਸਹਾਇਤਾ ਹੋਵੇਗੀ ਕਿਉਂਕਿ ਇਹ ਉਨ੍ਹਾਂ ਦੀ ਕਮਾਈ ਦਾ ਸਾਧਨ ਵੀ ਹੈ ਤੇ ਉਨ੍ਹਾਂ ਵਲੋਂ ਬਣਾਈਆਂ ਚੀਜ਼ਾਂ ਪੂਰੀ ਦੁਨੀਆਂ ਵਿਚ ਮਸ਼ਹੂਰ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਉਥੋਂ ਦੀ ਕੇਂਦਰੀ ਫੋਰਸ ਦਾ ਖਰਚਾ ਭਾਵੇਂ ਕੇਂਦਰ ਵਲੋਂ ਕੀਤਾ ਜਾਂਦਾ ਹੈ ਪਰ 10 ਫ਼ੀਸਦੀ ਖਰਚਾ ਸੂਬੇ 'ਤੇ ਆਉਂਦਾ ਹੈ। ਜੰਮੂ ਕਸ਼ਮੀਰ ਸਰਕਾਰ ਵਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਇਹ ਬੋਝ ਨਹੀਂ ਝੱਲਿਆ ਜਾ ਰਿਹਾ ਇਸ ਲਈ ਜੋ ਕੇਂਦਰੀ ਬਲ ਜਿਵੇਂ ਸੀ.ਆਰ.ਪੀ.ਐਫ. , ਬੀ.ਐਸ.ਐਫ., ਸੀ.ਐਸ.ਐਫ. ਅਤੇ ਆਈ.ਟੀ.ਬੀ.ਪੀ. ਅਤੇ ਹੋਰ ਕੇਂਦਰੀ ਬਲਾਂ ਦੇ ਖਰਚੇ ਵਲ ਧਿਆਨ ਦੇਣਾ ਚਾਹੀਦਾ ਹੈ।
Ravneet Bittu
ਉਨ੍ਹਾਂ ਕਿਹਾ ਕਿ ਜਦੋਂ ਵੀ ਸੂਬੇ ਨੂੰ ਪੈਕੇਜ ਦਿਤਾ ਜਾਂਦਾ ਹੈ ਤਾਂ ਉਸ ਦਾ ਵੱਡਾ ਹਿੱਸਾ ਇਸ ਵਿਚ ਹੀ ਖਰਚ ਹੋ ਜਾਂਦਾ ਹੈ ਜੋ ਕੇਂਦਰ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਕੇਂਦਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੇਸ਼ ਜੰਮੂ ਕਸ਼ਮੀਰ ਵਿਚ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਰਮੀ ਦਾ ਵਾਧੂ ਖਰਚਾ ਸੂਬਾ ਸਰਕਾਰ 'ਤੇ ਨਾ ਪਾ ਕੇ ਸਗੋਂ ਕੇਂਦਰ ਵਲੋਂ ਚੁੱਕਿਆ ਜਾਣਾ ਚਾਹੀਦਾ ਹੈ।
Ravneet Singh Bittu
ਸਾਂਸਦ ਬਿੱਟੂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਘੱਟ ਗਿਣਤੀ ਹੈ ਅਤੇ ਪਿਛਲੇ ਸਮੇਂ ਵਿਚ ਕਈ ਸਿਖਾਂ 'ਤੇ ਹਮਲੇ ਵੀ ਹੋਏ ਹਨ। ਉਥੇ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਉਥੇ ਦੋ ਸਿੱਖ ਬਟਾਲੀਅਨ ਤੈਨਾਤ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਲਈ ਵਿਸ਼ੇਸ਼ ਪੈਕੇਜ ਵੀ ਦਿਤਾ ਜਾਣਾ ਚਾਹੀਦਾ ਹੈ ਤਾਂ ਜੋ ਦਹਿਸ਼ਤ ਦੇ ਮਾਹੌਲ ਵਿਚ ਰਹਿ ਰਹੇ ਸਿੱਖਾਂ ਨੂੰ ਸੁਰੱਖਿਅਤ ਮਾਹੌਲ ਦਿਤਾ ਜਾ ਸਕੇ।