
ਨਾਗਰਿਕ ਅਧਿਕਾਰੀ ਜਥੇਬੰਦੀਆਂ ਨੇ ਦਿੱਲੀ ਹਿੰਸਾ ਦੇ ਸਬੰਧ ਵਿਚ ਜਾਮੀਆ ਮਿਲੀਆ ਯੂਨੀਵਰਸਟੀ ਦੇ ਦੋ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੀ ਆਲੋਚਨਾ ਕਰਦਿਆਂ
ਨਵੀਂ ਦਿੱਲੀ, 13 ਅਪ੍ਰੈਲ: ਨਾਗਰਿਕ ਅਧਿਕਾਰੀ ਜਥੇਬੰਦੀਆਂ ਨੇ ਦਿੱਲੀ ਹਿੰਸਾ ਦੇ ਸਬੰਧ ਵਿਚ ਜਾਮੀਆ ਮਿਲੀਆ ਯੂਨੀਵਰਸਟੀ ਦੇ ਦੋ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੀ ਆਲੋਚਨਾ ਕਰਦਿਆਂ ਪੁਲਿਸ 'ਤੇ ਦੋਸ਼ ਲਾਇਆ ਕਿ ਉਹ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਕੋਰੋਨਾ ਵਾਇਰਸ ਤਾਲਾਬੰਦੀ ਦੀ ਦੁਰਵਰਤੋਂ ਕਰ ਰਹੀ ਹੈ।
'ਹਮ ਭਾਰਤ ਕੇ ਲੋਕ' ਜਥੇਬੰਦੀ ਨੇ ਬਿਆਨ ਜਾਰੀ ਕਰ ਕੇ ਦਿੱਲੀ ਪੁਲਿਸ ਦੁਆਰਾ ਕੀਤੀ ਗਈ ਗ੍ਰਿਫ਼ਤਾਰੀ ਨੂੰ ਆਪਹੁਦਰਾ ਕਦਮ ਦਸਿਆ। ਇਸ ਬਿਆਨ 'ਤੇ 26 ਨਾਗਰਿਕ ਅਧਿਕਾਰੀ ਕਾਰਕੁਨਾਂ ਨੇ ਹਸਤਾਖਰ ਕੀਤੇ ਹਨ। ਵਿਦਿਆਰਥੀ ਕੌਮੀ ਜਨਤਾ ਦਲ ਦੇ ਮੀਰਾਨ ਹੈਦਰ ਨੂੰ ਦੋ ਅਪ੍ਰੈਲ ਨੂੰ ਜਦਕਿ ਜਾਮੀਆ ਕੋਆਰਡੀਨੇਸ਼ਨ ਕਮੇਟੀ ਦੇ ਸਫ਼ੂਰ ਜਰਗਾਰ ਨੂੰ 11 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਥੇਬੰਦੀ ਨੇ ਬਿਆਨ ਵਿਚ ਕਿਹਾ, 'ਇਹ ਅਜਿਹਾ ਵਕਤ ਹੈ ਜਦ ਪੂਰੇ ਦੇਸ਼ ਨੂੰ ਲੋਕਾਂ ਦੀ ਸਿਹਤ ਅਤੇ ਭੁੱਖ ਦੇ ਸੰਕਟ ਵਲ ਧਿਆਨ ਦੇਣ ਦੀ ਲੋੜ ਹੈ, ਅਜਿਹਾ ਵਕਤ ਹੈ ਜਦ ਸਾਡੀ ਤਰਜੀਹ ਇਸ ਵਾਇਰਸ ਦੇ ਖ਼ਾਤਮੇ ਲਈ ਇਕਜੁਟ ਹੋਣ ਦੀ ਹੋਣੀ ਚਾਹੀਦੀ ਹੈ।' ਕਿਹਾ ਗਿਆ ਹੈ ਕਿ ਮਹਾਮਾਰੀ ਦਾ ਫ਼ਿਰਕੂਕਰਨ ਕੀਤਾ ਜਾ ਰਿਹਾ ਹੈ। ਜਮਹੂਰੀ ਤਰੀਕੇ ਨਾਲ ਆਵਾਜ਼ ਚੁੱਕਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। (ਏਜੰਸੀ)