
ਡੇਢ ਸਾਲ ਵਿਚ ਭਰੀਆਂ ਜਾਣਗੀਆਂ ਅਸਾਮੀਆਂ
ਨਵੀਂ ਦਿੱਲੀ : ਬੇਰੁਜ਼ਗਾਰਾਂ ਲਈ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਵਲੋਂ ਸਾਰੇ ਕੇਂਦਰੀ ਵਿਭਾਗਾਂ ਵਿਚ 10 ਲੱਖ ਅਸਾਮੀਆਂ ਭਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਟਵੀਟ ਜ਼ਰੀਏ ਸਾਂਝੀ ਕੀਤੀ ਗਈ ਹੈ। ਤਾਜ਼ਾ ਐਲਾਨ ਅਨੁਸਾਰ ਇਹ ਭਰਤੀਆਂ ਅਗਲੇ ਡੇਢ ਸਾਲ ਵਿੱਚ ਕੀਤੀਆਂ ਜਾਣਗੀਆਂ।
jobs
ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਸਵਾਗਤ ਕੀਤਾ ਹੈ। ਉਨ੍ਹਾਂ ਇਸ ਨੂੰ ਸਵੈ-ਨਿਰਭਰ ਭਾਰਤ ਬਣਨ ਵੱਲ ਇੱਕ ਹੋਰ ਕਦਮ ਦੱਸਿਆ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਮੇਂ ਦੇ ਨਾਲ ਸਰਕਾਰ ਨੂੰ ਹੋਰ ਜ਼ਿੰਮੇਵਾਰ ਬਣਾ ਦਿੱਤਾ ਹੈ ਤੇ ਸਰਕਾਰ ਦਾ ਧਿਆਨ ਹੁਣ ਲੋਕਾਂ ਵੱਲ ਹੋ ਗਿਆ ਹੈ।
PM Modi
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ 'ਤੇ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਧੰਨਵਾਦ ਕੀਤਾ ਅਤੇ ਲਿਖਿਆ, ''ਬੇਰੁਜ਼ਗਾਰ ਨੌਜਵਾਨਾਂ ਦੇ ਦਰਦ ਅਤੇ ਦਿਲ ਨੂੰ ਸਮਝਣ ਲਈ ਪ੍ਰਧਾਨ ਮੰਤਰੀ ਤੁਹਾਡਾ ਧੰਨਵਾਦ। ਨਵੇਂ ਰੁਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਸਾਨੂੰ ਇੱਕ ਕਰੋੜ ਤੋਂ ਵੱਧ ‘ਪ੍ਰਵਾਨਿਤ ਪਰ ਖਾਲੀ’ ਅਸਾਮੀਆਂ ਨੂੰ ਭਰਨ ਲਈ ਸਾਰਥਕ ਯਤਨ ਕਰਨੇ ਪੈਣਗੇ। ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ।
Randeep Surjewala
ਰਣਦੀਪ ਸੁਰਜੇਵਾਲਾ ਦਾ ਕੇਂਦਰ ਸਰਕਾਰ 'ਤੇ ਤੰਜ਼- 'ਜ਼ੁਮਲੇਬਾਜ਼ੀ ਕਦੋਂ ਤੱਕ'
ਦੂਜੇ ਪਾਸੇ ਕਾਂਗਰਸ ਨੇ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਵਾਲੇ ਕੇਂਦਰ ਸਰਕਾਰ ਦੇ ਇਸ ਐਲਾਨ ਦਾ ਮਜ਼ਾਕ ਉਡਾਇਆ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ''ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਯਾਨੀ 8 ਸਾਲਾਂ 'ਚ 16 ਕਰੋੜ ਨੌਕਰੀਆਂ। ਹੁਣ ਕਹਿ ਰਹੇ ਹਨ ਕਿ 2024 ਤੱਕ ਸਿਰਫ਼ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਵਿਭਾਗਾਂ 'ਚ 60 ਲੱਖ ਜਦਕਿ ਕੇਂਦਰ ਸਰਕਾਰ 'ਚ 30 ਲੱਖ ਅਸਾਮੀਆਂ ਖ਼ਾਲੀ ਹਨ। ਜ਼ੁਮਲੇਬਾਜ਼ੀ ਕਦੋਂ ਤੱਕ?''