
ਇਸ ਕਾਰਨ ਇੱਥੋਂ ਦੇ ਮੁਲਾਜ਼ਮਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Employee At Amazon Warehouse : ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਗੋਦਾਮ ਵਿੱਚ ਇੱਕ ਤੁਗਲਕੀ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇਹ ਹੁਕਮ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਹੈ। ਇਸ ਕਾਰਨ ਇੱਥੋਂ ਦੇ ਮੁਲਾਜ਼ਮਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਮਹਿਲਾਵਾਂ 'ਤੇ ਪੈ ਰਿਹਾ ਹੈ।
ਇਨ੍ਹਾਂ ਮੁਲਾਜ਼ਮਾਂ ਦੇ ਦੁੱਖੜੇ ਸੁਣ ਕੇ ਤੁਸੀਂ ਵੀ ਕਹੋਗੇ ਕਿ ਇਹ ਤਸ਼ੱਦਦ ਹੈ। ਹਾਲਾਤ ਇਹ ਹਨ ਕਿ ਕਰਮਚਾਰੀਆਂ ਦੇ ਪਾਣੀ ਪੀਣ ਅਤੇ ਸ਼ੌਚ ਕਰਨ 'ਤੇ ਵੀ ਪਾਬੰਦੀ ਲੱਗੀ ਹੋਈ ਹੈ। ਇਹ ਉਦੋਂ ਤੱਕ ਹੈ ਜਦੋਂ ਤੱਕ ਉਹ ਆਪਣਾ ਟਾਰਗੇਟ ਪੂਰਾ ਨਹੀਂ ਕਰਦੇ। ਇੰਨਾ ਹੀ ਨਹੀਂ ਇੱਥੇ ਕਰਮਚਾਰੀਆਂ 'ਤੇ ਚੋਰੀ -ਚੋਰੀ ਨਜ਼ਰ ਰੱਖੀ ਜਾਂਦੀ ਹੈ। ਇਸ ਦਾ ਅਸਰ ਇਨ੍ਹਾਂ ਕਰਮਚਾਰੀਆਂ ਦੇ ਕੰਮ 'ਤੇ ਪੈ ਰਿਹਾ ਹੈ।
ਹਰਿਆਣਾ ਦਾ ਮਾਮਲਾ
ਇਹ ਮਾਮਲਾ ਹਰਿਆਣਾ ਦੇ ਮਾਨੇਸਰ ਸਥਿਤ ਐਮਾਜ਼ਾਨ ਦੇ ਵੇਅਰਹਾਊਸ ਨਾਲ ਸਬੰਧਤ ਹੈ। ਇੱਥੇ ਐਮਾਜ਼ਾਨ ਇੰਡੀਆ ਦੇ 5 ਵੇਅਰਹਾਊਸ ਹਨ। ਇੱਥੇ ਮੁਲਾਜ਼ਮਾਂ ਨੂੰ ਟਰੱਕਾਂ ਵਿੱਚੋਂ ਸਾਮਾਨ ਉਤਾਰਨਾ ਹੁੰਦਾ ਹੈ। ਹਰ ਰੋਜ਼ ਮਾਲ ਉਤਾਰਨ ਦਾ ਟਾਰਗੇਟ ਮਿਲਦਾ ਹੈ। ਇਨ੍ਹਾਂ ਵੇਅਰਹਾਊਸ ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਇਥੋਂ ਦੇ ਸੀਨੀਅਰ ਬਾਥਰੂਮ 'ਚ ਜਾ ਕੇ ਚੈੱਕ ਕਰਦੇ ਹਨ ਕਿ ਕਿਤੇ ਕਰਮਚਾਰੀ ਸ਼ਿਫਟ ਟਾਈਮ ਦੌਰਾਨ ਉੱਥੇ ਸਮਾਂ ਤਾਂ ਨਹੀਂ ਖ਼ਰਾਬ ਕਰ ਰਹੇ।
ਇਸ ਕਰਮਚਾਰੀ ਨੇ ਦੱਸਿਆ ਕਿ ਇੱਥੇ ਕਰਮਚਾਰੀਆਂ ਨੂੰ 30 ਮਿੰਟ ਲੰਚ ਲਈ ਅਤੇ 30 ਮਿੰਟ ਚਾਹ ਲਈ ਬ੍ਰੇਕ ਦਿੱਤੀ ਜਾਂਦੀ ਹੈ। ਜੇਕਰ ਉਹ ਬਿਨਾਂ ਬਰੇਕ ਤੋਂ ਕੰਮ ਕਰਦੇ ਹਨ ਤਾਂ ਵੀ ਉਹ ਇੱਕ ਦਿਨ ਵਿੱਚ 4 ਤੋਂ ਵੱਧ ਟਰੱਕ ਅਨਲੋਡ ਨਹੀਂ ਕਰ ਸਕਦੇ। ਐਮਾਜ਼ਾਨ 'ਤੇ ਅਜਿਹੇ ਆਰੋਪ ਅਮਰੀਕਾ 'ਚ ਵੀ ਲੱਗੇ ਸਨ। ਸਾਲ 2022 ਅਤੇ 2023 ਵਿੱਚ ਉੱਥੇ ਵੇਅਰਹਾਊਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਸੁਰੱਖਿਆ ਅਤੇ ਸਿਹਤ ਨੂੰ ਲੈ ਕੇ ਇਤਰਾਜ਼ ਉਠਾਏ ਸਨ।
ਚੁਕਾਈ ਗਈ ਸਹੁੰ
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਇੱਥੇ ਕੰਮ ਕਰਦੇ ਕਰਮਚਾਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਹੁੰ ਚੁਕਾਈ ਗਈ ਸੀ। ਇਸ ਵਿੱਚ ਕੰਮ 'ਚ ਸੁਧਾਰ ਕਰਨ ਅਤੇ ਟਾਰਗੇਟ ਪੂਰਾ ਨਾ ਹੋਣ ਤੱਕ ਪਾਣੀ ਅਤੇ ਬਾਥਰੂਮ ਦਾ ਬਰੇਕ ਨਹੀਂ ਲੈਣਗੇ। ਕਰਮਚਾਰੀਆਂ ਨੇ ਆਰੋਪ ਲਾਇਆ ਕਿ ਉਨ੍ਹਾਂ ਨੂੰ ਸਹੁੰ ਚੁਕਾਈ ਗਈ ਸੀ ਕਿ ਜਦੋਂ ਤੱਕ ਮਿੱਥੇ ਟਾਰਗੇਟ ਅਨੁਸਾਰ ਟਰੱਕਾਂ ਵਿੱਚੋਂ ਸਾਮਾਨ ਨਹੀਂ ਉਤਾਰਿਆ ਜਾਂਦਾ, ਉਦੋਂ ਤੱਕ ਉਹ ਟਾਇਲਟ ਅਤੇ ਪਾਣੀ ਦੀ ਕੋਈ ਬਰੇਕ ਨਹੀਂ ਲੈਣਗੇ।
ਮਹਿਲਾਵਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ
ਮੁਲਾਜ਼ਮਾਂ ਨੇ ਦੱਸਿਆ ਕਿ ਇਸ ਫ਼ਰਮਾਨ ਕਾਰਨ ਔਰਤਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੱਕ ਬਾਹਰ ਖੁੱਲ੍ਹੇ ਵਿੱਚ ਖੜ੍ਹੇ ਹਨ। ਔਰਤਾਂ ਸਮਾਨ ਉਤਾਰਨ ਤੋਂ ਬਾਅਦ ਬਹੁਤ ਥੱਕ ਜਾਂਦੀਆਂ ਹਨ। ਗੋਦਾਮ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਦੱਸਿਆ ਕਿ ਗੋਦਾਮ ਵਿੱਚ ਕੋਈ ਵੀ ਅਜਿਹੀ ਥਾਂ ਨਹੀਂ ਹੈ ,ਜਿੱਥੇ ਕੋਈ ਕੁਝ ਸਮਾਂ ਆਰਾਮ ਕਰ ਸਕੇ। ਮਹਿਲਾਵਾਂ ਨੂੰ ਵੀ ਇੱਥੇ 9 ਘੰਟੇ ਖੜ੍ਹੇ ਹੋ ਕੇ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਹਰ ਘੰਟੇ 60 ਛੋਟੇ ਅਤੇ 40 ਦਰਮਿਆਨੇ ਸਾਇਜ਼ ਦੇ ਪੈਕੇਟ ਉਤਾਰਨੇ ਪੈਂਦੇ ਹਨ। ਮਹਿਲਾ ਕਰਮਚਾਰੀ ਨੇ ਕਿਹਾ ਕਿ ਜੇਕਰ ਕੋਈ ਮਹਿਲਾ ਬੀਮਾਰ ਹੋ ਜਾਵੇਂ ਤਾਂ ਉਸ ਕੋਲ ਬਾਥਰੂਮ ਜਾਂ ਲਾਕਰ ਰੂਮ 'ਚ ਜਾਣ ਦਾ ਹੀ ਵਿਕਲਪ ਹੁੰਦਾ ਹੈ।
ਕੰਪਨੀ ਨੇ ਕਿਹਾ- ਜਾਂਚ ਕਰ ਰਹੀ ਹੈ
ਇਸ ਮਾਮਲੇ 'ਚ ਐਮਾਜ਼ਾਨ ਇੰਡੀਆ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗੋਦਾਮ ਵਿੱਚ ਅਜਿਹੀਆਂ ਚੀਜ਼ਾਂ ਹੋ ਰਹੀਆਂ ਹਨ ਤਾਂ ਇਹ ਗਲਤ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਅਸੀਂ ਉੱਥੋਂ ਦੇ ਮੈਨੇਜਰ ਨੂੰ ਇਨ੍ਹਾਂ ਚੀਜ਼ਾਂ ਨੂੰ ਰੋਕਣ ਲਈ ਕਹਾਂਗੇ। ਐਮਾਜ਼ਾਨ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਕਰਮਚਾਰੀ ਵਾਸ਼ਰੂਮ ਦੀ ਵਰਤੋਂ ਕਰਨ ਅਤੇ ਪਾਣੀ ਪੀਣ ਲਈ ਆਪਣੀ ਸ਼ਿਫਟ ਦੌਰਾਨ ਗੈਰ ਰਸਮੀ ਬ੍ਰੇਕ ਲੈ ਸਕਦੇ ਹਨ।