
ਹਾਲਾਂਕਿ ਜਦੋਂ ਭੂਚਾਲ ਆਇਆ ਤਾਂ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਸੁੱਤੇ ਹੋਏ ਸਨ
Earthquake in Kullu : ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬੀ ਹੈ। ਹਾਲਾਂਕਿ ਜਦੋਂ ਭੂਚਾਲ ਆਇਆ ਤਾਂ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਸੁੱਤੇ ਹੋਏ ਸਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਕਿਹਾ ਕਿ ਹਿਮਾਚਲ ਦੇ ਕੁੱਲੂ ਵਿੱਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.0 ਦਰਜ ਕੀਤੀ ਗਈ।
NCS ਨੇ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਕਿਹਾ ਕਿ ਕੁੱਲੂ 'ਚ ਅੱਜ ਤੜਕੇ 3:40 ਵਜੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਅਕਸ਼ਾਂਸ਼ 31.48 ਐਨ ਅਤੇ ਲੰਬਕਾਰ 77.53 ਈ 'ਤੇ ਸਥਿਤ ਸੀ। ਭੂਚਾਲ ਦੀ ਗਹਿਰਾਈ 10 ਕਿਲੋਮੀਟਰ ਮਾਪੀ ਗਈ। ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ 'ਚ ਹੁਣ ਤੱਕ ਹਿਮਾਚਲ ਪ੍ਰਦੇਸ਼ ਦੀ ਧਰਤੀ 'ਤੇ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਹਿਮਾਚਲ 'ਚ ਲਗਾਤਾਰ ਭੂਚਾਲ ਆਉਣ ਕਾਰਨ ਲੋਕ ਦਹਿਸ਼ਤ 'ਚ ਹਨ। ਹਾਲਾਂਕਿ ਹਰ ਵਾਰ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।
ਹਿਮਾਚਲ ਪ੍ਰਦੇਸ਼ ਭੂਚਾਲ ਦੇ ਨਜ਼ਰੀਏ ਤੋਂ ਸਭ ਤੋਂ ਸੰਵੇਦਨਸ਼ੀਲ ਜ਼ੋਨ ਚਾਰ ਅਤੇ ਪੰਜ ਵਿੱਚ ਸ਼ਾਮਲ ਹੈ। ਭੂ-ਵਿਗਿਆਨੀਆਂ ਨੇ ਇਸ ਪਹਾੜੀ ਰਾਜ 'ਚ ਵੱਡੇ ਪੱਧਰ 'ਤੇ ਭੂਚਾਲ ਆਉਣ ਦੀ ਸੰਭਾਵਨਾ ਜਤਾਈ ਹੈ। ਸਾਲ 1905 ਵਿੱਚ ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਆਏ ਭਿਆਨਕ ਭੂਚਾਲ ਵਿੱਚ 10 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।