 
          	ਤਹਿਸੀਲ ਪੱਧਰ ’ਤੇ ਕਢਣਗੇ ਤਿਰੰਗਾ ਰੈਲੀਆਂ, ਨਹੀਂ ਜਾਣਗੇ ਦਿੱਲੀ
ਨਵੀਂ ਦਿੱਲੀ: ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ’ ਦੇ ਰੂਪ ’ਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਅਪੀਲ ਤੋਂ ਬਾਅਦ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ’ਤੇ ਇਸ ਦਿਨ ‘ਤਿਰੰਗਾ ਰੈਲੀਆਂ’ ਕੱਢਣਗੇ ਹਾਲਾਂਕਿ ਕਿਸਾਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਦਿੱਲੀ ’ਚ ਦਾਖ਼ਲ ਨਹੀਂ ਹੋਣਗੇ।
 Farmers Protest
Farmers Protest
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ.ਆਈ.ਕੇ.ਐਸ.ਸੀ.ਸੀ.) ਦੀ ਕਵਿਤਾ ਕੁਰੂਗੰਤੀ ਨੇ ਕਿਹਾ,‘‘ਸੰਯੁਕਤ ਕਿਸਾਨ ਮੋਰਚਾ ਨੇ 15 ਅਗੱਸਤ ਨੂੰ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ ਦੇ ਰੂਪ ’ਚ ਮਨਾਇਆ ਜਾਵੇ ਅਤੇ ਇਸ ਦਿਨ ਤਿਰੰਗਾ ਮਾਰਚ ਆਯੋਜਤ ਕੀਤੇ ਜਾਣਗੇ।’’ ਉਨ੍ਹਾਂ ਕਿਹਾ,‘‘ਇਸ ਦਿਨ ਕਿਸਾਨ ਅਤੇ ਮਜ਼ਦੂਰ ਤਿਰੰਗਾ ਮਾਰਚ ’ਚ ਟਰੈਕਟਰ, ਮੋਟਰ ਸਾਈਕਲ, ਸਾਈਕਲ ਅਤੇ ਬੈਲਗੱਡੀ ਆਦਿ ਲੈ ਕੇ ਨਿਕਲਣਗੇ ਅਤੇ ਬਲਾਕ, ਤਹਿਸੀਲ ਜ਼ਿਲ੍ਹਾ ਹੈੱਡ ਕੁਆਰਟਰ ਵਲ ਕੂਚ ਕਰਨਗੇ। ਉਹ ਕੋਲ ਦੇ ਧਰਨਾ ਸਥਾਨਾਂ ’ਤੇ ਵੀ ਜਾ ਸਕਦੇ ਹਨ।
 Farmers Protest
Farmers Protest
ਇਸ ਦੌਰਾਨ ਵਾਹਨਾਂ ’ਤੇ ਤਿਰੰਗੇ ਲੱਗੇ ਹੋਣਗੇ।’’ ਕਿਸਾਨ ਆਗੂ ਅਭਿਮਨਿਊ ਕੋਹਰ ਨੇ ਕਿਹਾ ਕਿ ਦੇਸ਼ ’ਚ ਦੁਪਹਿਰ 11 ਵਜੇ ਤੋਂ ਦੁਪਹਿਰ ਇਕ ਵਜੇ ਤਕ ਰੈਲੀਆਂ ਕੱਢੀਆਂ ਜਾਣਗੀਆਂ। ਦਿੱਲੀ ’ਚ ਵੀ ਸਿੰਘੂ, ਟਿਕਰੀ ਅਤੇ ਗਾਜੀਪੁਰ ਸਰਹੱਦਾਂ ’ਤੇ ਤਿਰੰਗਾ ਮਾਰਚ ਕੱਢੇ ਜਾਣਗੇ ਅਤੇ ਪੂਰੇ ਦਿਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
 Farmers Protest
Farmers Protest
ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ,‘‘ਸਿੰਘੂ ’ਤੇ ਕਿਸਾਨ ਪ੍ਰਦਰਸ਼ਨ ਸਥਾਨ ਸਥਿਤ ਮੁੱਖ ਮੰਚ ਤੋਂ ਲੈ ਕੇ ਕਰੀਬ 8 ਕਿਲੋਮੀਟਰ ਦੂਰ ਦੇ ਕੇ.ਐੱਮ.ਪੀ. ਐਕਸਪ੍ਰੈੱਸ ਤਕ ਮਾਰਚ ਕੱਢਾਂਗੇ।’’ ਕਿਸਾਨਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ 15 ਅਗੱਸਤ ਨੂੰ ਨਿਕਲਣ ਵਾਲੀ ਤਿਰੰਗਾ ਰੈਲੀ ਸ਼ਾਂਤੀਪੂਰਨ ਹੋਵੇਗੀ ਅਤੇ ਦਿੱਲੀ ਤੋਂ ਦੂਰੀ ਰੱਖੀ ਜਾਵੇਗੀ।’’ ਸਿੰਘ ਨੇ ਕਿਹਾ,‘‘26 ਜਨਵਰੀ ਦੇ ਘਟਨਾਕ੍ਰਮ ਨੇ ਸਾਡੇ ਅੰਦੋਲਨ ਨੂੰ ਬਦਨਾਮ ਕੀਤਾ ਸੀ, ਇਸ ਲਈ 15 ਅਗੱਸਤ ਨੂੰ ਤਿਰੰਗਾ ਮਾਰਚ ਸ਼ਹਿਰ ’ਚ ਨਹੀਂ ਆਉਣਗੇ ਪਰ ਸਾਡਾ ਅੰਦੋਲਨ ਉਦੋਂ ਤਕ ਖ਼ਤਮ ਨਹੀਂ ਹੋਵੇਗਾ, ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।’’
 
                     
                
 
	                     
	                     
	                     
	                     
     
     
     
     
     
                     
                     
                     
                     
                    