
Kolkata Rape Case: ਹੋਰ ਸੰਗਠਨਾਂ ਨੇ ਕਿਹਾ- 'ਮੰਗਾਂ ਪੂਰੀਆਂ ਨਾ ਹੋਣ ਤੱਕ ਕਰਨਗੇ ਪ੍ਰਦਰਸ਼ਨ'
Kolkata Rape Case: ਕੋਲਕਾਤਾ 'ਚ ਇਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਦੋ ਦਿਨਾਂ ਤੋਂ ਜਾਰੀ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਦੀ ਹੜਤਾਲ ਮੰਗਲਵਾਰ ਸ਼ਾਮ ਨੂੰ ਖਤਮ ਹੋ ਗਈ। ਫੋਰਡਾ ਦੇ ਕੁਝ ਡਾਕਟਰਾਂ ਨੇ ਸਿਹਤ ਮੰਤਰੀ ਜੇਪੀ ਨੱਡਾ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਇਸ ਲਈ ਉਹ ਹੜਤਾਲ ਖਤਮ ਕਰ ਰਹੇ ਹਨ।
ਹਾਲਾਂਕਿ ਦੇਸ਼ ਦੇ ਕਈ ਹਸਪਤਾਲਾਂ ਅਤੇ ਹੋਰ ਐਸੋਸੀਏਸ਼ਨਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਹ ਹੜਤਾਲ ਜਾਰੀ ਰੱਖਣਗੇ। ਇਸ ਵਿੱਚ ਦਿੱਲੀ ਏਮਜ਼, ਇੰਦਰਾ ਗਾਂਧੀ ਹਸਪਤਾਲ ਅਤੇ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫੈਮਾ) ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ 'ਤੇ ਹਮਲਿਆਂ ਨੂੰ ਰੋਕਣ ਲਈ ਕੇਂਦਰੀ ਕਾਨੂੰਨ ਲਾਗੂ ਹੋਣ ਤੱਕ ਹੜਤਾਲ ਜਾਰੀ ਰਹੇਗੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਜੂਨੀਅਰ ਡਾਕਟਰਜ਼ ਨੈਟਵਰਕ ਦੇ ਡਾ: ਧਰੁਵ ਚੌਹਾਨ ਨੇ ਹੜਤਾਲ ਖਤਮ ਕਰਨ ਲਈ ਫੋਰਡਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੈਡੀਕਲ ਭਾਈਚਾਰਾ ਇਸ ਦੇ ਖਿਲਾਫ ਹੈ। ਹੁਣ ਹੜਤਾਲ ਖ਼ਤਮ ਕਰਨ ਦਾ ਮਤਲਬ ਹੋਵੇਗਾ ਕਿ ਮਹਿਲਾ ਰੈਜ਼ੀਡੈਂਟ ਡਾਕਟਰਾਂ ਨੂੰ ਕਦੇ ਇਨਸਾਫ਼ ਨਹੀਂ ਮਿਲੇਗਾ। ਇਸ ਲਈ ਕੇਂਦਰੀ ਹਸਪਤਾਲ ਆਪਣੀ ਹੜਤਾਲ ਜਾਰੀ ਰੱਖਣਗੇ।
9 ਅਗਸਤ ਦੀ ਸਵੇਰ ਨੂੰ ਆਰਜੀ ਕਾਰ ਹਸਪਤਾਲ ਦੀ ਐਮਰਜੈਂਸੀ ਇਮਾਰਤ ਦੇ ਸੈਮੀਨਾਰ ਹਾਲ ਵਿੱਚ 31 ਸਾਲਾ ਸਿਖਿਆਰਥੀ ਡਾਕਟਰ ਦੀ ਲਾਸ਼ ਮਿਲੀ ਸੀ। ਉਹ ਰਾਤ ਦੀ ਡਿਊਟੀ 'ਤੇ ਸੀ। ਡਾਕਟਰ ਦੇ ਗੁਪਤ ਅੰਗ, ਅੱਖਾਂ ਅਤੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਉਸ ਦੀ ਗਰਦਨ ਦੀ ਹੱਡੀ ਵੀ ਟੁੱਟੀ ਹੋਈ ਮਿਲੀ। ਕਲਕੱਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਸੀਬੀਆਈ ਦੀ ਟੀਮ ਬੁੱਧਵਾਰ ਨੂੰ ਕੋਲਕਾਤਾ ਪਹੁੰਚੀ।
ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਸਿਹਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ। ਇਸ ਵਿਚ ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੇ ਸਹਿਮਤੀ ਦਿੱਤੀ ਹੈ ਕਿ ਕੇਂਦਰੀ ਸੁਰੱਖਿਆ ਐਕਟ 'ਤੇ ਕੰਮ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਫੋਰਡਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਫੋਰਡਾ ਨੇ ਕਿਹਾ ਕਿ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਇਸ 'ਤੇ ਕੰਮ 15 ਦਿਨਾਂ 'ਚ ਸ਼ੁਰੂ ਹੋ ਜਾਵੇਗਾ। ਇਸ ਲਈ ਮਰੀਜ਼ਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਬੁੱਧਵਾਰ ਸਵੇਰ ਤੋਂ ਹੀ ਹੜਤਾਲ ਖਤਮ ਕੀਤੀ ਜਾ ਰਹੀ ਹੈ। ਫੋਰਡਾ ਨੇ ਸਰਕਾਰ ਅੱਗੇ ਪੰਜ ਮੰਗਾਂ ਰੱਖੀਆਂ ਸਨ। ਕੇਂਦਰੀ ਸੁਰੱਖਿਆ ਐਕਟ ਤੋਂ ਇਲਾਵਾ ਕਿੰਨੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਹੈ।