
ਪਾਲਤੂ ਕੁੱਤੇ ਨਾਲ ਕੈਬ ’ਚ ਚੜ੍ਹਨ ਤੋਂ ਡਰਾਈਵਰ ਦੇ ਇਨਕਾਰ ’ਤੇ ਔਰਤ ਦੀ ਕੀਤੀ ਸ਼ਿਕਾਇਤ ਰੱਦ
ਮੁੰਬਈ: ਇਕ ਖਪਤਕਾਰ ਕਮਿਸ਼ਨ ਨੇ ਕੈਬ ਆਪਰੇਟਰ ਉਬਰ ਵਿਰੁਧ ਇਕ ਔਰਤ ਦੀ ਸ਼ਿਕਾਇਤ ਨੂੰ ਖਾਰਜ ਕਰ ਦਿਤਾ ਹੈ, ਜਿਸ ’ਚ ਉਸ ਨੇ ਗੱਡੀ ’ਚ ਸਵਾਰ ਹੋਣ ਤੋਂ ਇਨਕਾਰ ਕਰ ਦਿਤਾ ਸੀ।
ਮੰਗਲਵਾਰ ਨੂੰ ਜਾਰੀ ਇਕ ਹੁਕਮ ਵਿਚ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ, ਮੱਧ ਮੁੰਬਈ ਨੇ ਕਿਹਾ ਕਿ ਜਨਤਕ ਗੱਡੀਆਂ ਵਿਚ ਪਾਲਤੂ ਜਾਨਵਰਾਂ ਨੂੰ ਲਿਜਾਣ ਬਾਰੇ ਭਾਰਤ ਵਿਚ ਕੋਈ ਕਾਨੂੰਨ ਜਾਂ ਕਾਨੂੰਨੀ ਵਿਵਸਥਾ ਨਹੀਂ ਹੈ।
ਵਡਾਲਾ ਦੀ ਰਹਿਣ ਵਾਲੀ ਔਰਤ ਨੇ ਜੂਨ 2022 ’ਚ ਦਾਇਰ ਅਪਣੀ ਸ਼ਿਕਾਇਤ ’ਚ ਕਿਹਾ ਸੀ ਕਿ ਕੰਪਨੀ ਦੀਆਂ ਪਾਲਤੂ ਜਾਨਵਰਾਂ ਦੇ ਅਨੁਕੂਲ ਨੀਤੀਆਂ ਦੇ ਬਾਵਜੂਦ ਉਬਰ ਡਰਾਈਵਰਾਂ ਨੇ ਉਸ ਨੂੰ ਦੋ ਵਾਰ ਲੈਣ ਤੋਂ ਇਨਕਾਰ ਕਰ ਦਿਤਾ, ਜਦੋਂ ਉਸ ਨੇ ਡਰਾਈਵਰ ਨੂੰ ਕਿਹਾ ਕਿ ਉਹ ਅਪਣੇ ਪਾਲਤੂ ਕੁੱਤੇ ਨਾਲ ਯਾਤਰਾ ਕਰੇਗੀ।
ਔਰਤ ਨੇ ਸੇਵਾ ’ਚ ਕਮੀ, ਅਣਉਚਿਤ ਵਪਾਰਕ ਅਭਿਆਸਾਂ, ਮਾਨਸਿਕ ਪੀੜਾ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਉਨ੍ਹਾਂ ਕਮਿਸ਼ਨ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਕੰਪਨੀ ਨੂੰ ਹੁਕਮ ਦੇਣ ਕਿ ਮੁਸਾਫ਼ਰਾਂ ਨੂੰ ਅਪਣੇ ਪਾਲਤੂ ਜਾਨਵਰਾਂ ਅਤੇ ਅਵਾਰਾ ਜਾਨਵਰਾਂ ਨਾਲ ਕੈਬ ’ਚ ਸਫ਼ਰ ਕਰਨ ਦੀ ਇਜਾਜ਼ਤ ਦੇਣ ਲਈ ਕਦਮ ਚੁਕੇ ਜਾਣ।
ਉਬਰ ਇੰਡੀਆ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਡਰਾਈਵਰਾਂ ਨੂੰ ਧਿਰ ਨਹੀਂ ਬਣਾਇਆ ਹੈ ਜਿਨ੍ਹਾਂ ਵਿਰੁਧ ਉਸ ਨੇ ਸ਼ਿਕਾਇਤ ਕੀਤੀ ਹੈ। ਇਸ ਨੇ ਕਿਹਾ ਕਿ ਔਰਤ ਦੇ ਦੋਸ਼ਾਂ ਦੇ ਸਮਰਥਨ ’ਚ ਕੋਈ ਸਬੂਤ ਨਹੀਂ ਹੈ, ਇਸ ਤੋਂ ਇਲਾਵਾ ਕਿ ਉਸ ਨੇ ਡਰਾਈਵਰਾਂ ਨੂੰ ਪਾਲਤੂ ਕੁੱਤੇ ਨਾਲ ਸਫ਼ਰ ਕਰਨ ਬਾਰੇ ਸੂਚਿਤ ਕੀਤਾ ਸੀ।
ਕੰਪਨੀ ਨੇ ਕਿਹਾ ਕਿ ਜਨਤਕ ਆਵਾਜਾਈ ’ਤੇ ਪਾਲਤੂ ਜਾਨਵਰਾਂ ਨੂੰ ਇਜਾਜ਼ਤ ਦੇਣ ਬਾਰੇ ਭਾਰਤ ਦੀ ਕੋਈ ਨੀਤੀ ਨਹੀਂ ਹੈ ਅਤੇ ਇਸ ਲਈ ਸ਼ਿਕਾਇਤ ਖਾਰਜ ਕੀਤੀ ਜਾਣੀ ਚਾਹੀਦੀ ਹੈ। ਕਮਿਸ਼ਨ ਨੇ ਕੰਪਨੀ ਦੇ ਕਾਰੋਬਾਰੀ ਮਾਡਲ ਦੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਡਰਾਈਵਰ ਨੇ ਅਪਣੀ ਮਰਜ਼ੀ ਨਾਲ ਟਰਿੱਪ ਰੱਦ ਕੀਤੀ ਅਤੇ ਉਬਰ ਇੰਡੀਆ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।