
'ਜੇ ਪਾਕਿਸਤਾਨ ਨੇ ਕੋਈ ਗਲਤ ਕਦਮ ਚੁੱਕਿਆ ਤਾਂ ਨਤੀਜਾ ਬੁਰਾ ਹੋਵੇਗਾ'
ਨਵੀਂ ਦਿੱਲੀ: ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਨੂੰ ਨਵੀਂ ਦਿੱਲੀ ਵਿਰੁਧ ‘ਨਫ਼ਰਤੀ’ ਬਿਆਨ ਦੇਣ ਵਿਰੁਧ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨੀ ਆਗੂ ਅਪਣੀ ਜ਼ੁਬਾਨ ਨੂੰ ਲਗਾਮ ਦੇਣ ਕਿਉਕਿ ਕਿਸੇ ਵੀ ਗ਼ਲਤੀ ਦੇ ‘ਦੁਖਦਾਈ ਨਤੀਜੇ’ ਹੋਣਗੇ। ਵਿਦੇਸ਼ ਮੰਤਰਾਲੇ ਦੀ ਇਹ ਪ੍ਰਤੀਕਿਰਿਆ ਪਾਕਿਸਤਾਨੀ ਫ਼ੌਜ ਮੁਖੀ ਅਸੀਮ ਮੁਨੀਰ ਵਲੋਂ ਭਾਰਤ ਨੂੰ ਪ੍ਰਮਾਣੂ ਧਮਕੀ ਦੇਣ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀਆਂ ਕੁਝ ਟਿਪਣੀਆਂ ਤੋਂ ਬਾਅਦ ਆਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਪਾਕਿਸਤਾਨੀ ਲੀਡਰਸ਼ਿਪ ਵਲੋਂ ਭਾਰਤ ਵਿਰੁਧ ਕੀਤੀਆਂ ਜਾ ਰਹੀਆਂ ਲਾਪਰਵਾਹੀ, ਜੰਗ ਅਤੇ ਨਫ਼ਰਤ ਭਰੀਆਂ ਟਿਪਣੀਆਂ ਦੀਆਂ ਰਿਪੋਰਟਾਂ ਦੇਖੀਆਂ ਹਨ।’’ ਉਨ੍ਹਾਂ ਕਿਹਾ, ‘‘ਅਪਣੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਵਾਰ-ਵਾਰ ਭਾਰਤ ਵਿਰੋਧੀ ਬਿਆਨ ਦੇਣਾ ਪਾਕਿਸਤਾਨੀ ਲੀਡਰਸ਼ਿਪ ਦਾ ਇਕ ਜਾਣਿਆ-ਪਛਾਣਿਆ ਢੰਗ ਹੈ।’’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਪਾਕਿਸਤਾਨ ਨੂੰ ਅਪਣੀ ਬਿਆਨਬਾਜ਼ੀ ’ਤੇ ਰੋਕ ਲਗਾਉਣ ਦੀ ਚੇਤਾਵਨੀ ਦਿਤੀ ਜਾਂਦੀ ਹੈ ਕਿਉਕਿ ਕਿਸੇ ਵੀ ਗ਼ਲਤੀ ਦੇ ਦਰਦਨਾਕ ਨਤੀਜੇ ਹੋਣਗੇ, ਜਿਵੇਂ ਕਿ ਹਾਲ ਹੀ ਵਿਚ ਦਿਖਾਇਆ ਗਿਆ ਹੈ।’’