
ਮਰਨ ਵਾਲੇ 3 ਬੱਚਿਆਂ ਵਿਚੋਂ ਇਕ ਲੜਕੀ ਤੇ ਦੋ ਲੜਕੇ ਸਨ
ਮੁਜ਼ੱਫਰਪੁਰ - ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਮੀਨਾਪੁਰ ਥਾਣਾ ਖੇਤਰ ਦੇ ਨੰਦਨਾ ਪਿੰਡ 'ਚ ਸੋਮਵਾਰ ਦੇਰ ਰਾਤ ਇਕ ਰਸੋਈ ਗੈਸ ਸਿਲੰਡਰ ਪਾਈਪ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਇਕ ਐਰਤ ਸਮੇਤ ਤਿੰਨ ਬੱਚਿਆਂ ਦੀ ਮੌਤ ਹੋ ਗਈ। ਮੀਨਾਪੁਰ ਪੁਲਿਸ ਸਟੇਸ਼ਨ ਦੇ ਪ੍ਰਧਾਨ ਪ੍ਰਭਾਤ ਰੰਜਨ ਨੇ ਦੱਸਿਆ ਕਿ ਹਾਦਸੇ ਵਿਚ ਅਸ਼ੋਕ ਸਾਹ ਨਾਂ ਦੇ ਵਿਅਕਤੀ ਦੀ ਪਤਨੀ ਸ਼ੋਭਾ ਦੇਵੀ (27), ਬੇਟੀ ਦੀਪਾਂਜਲੀ (6) ਅਤੇ ਦੋ ਪੁੱਤਰਾਂ ਆਦਿੱਤਿਆ (4) ਅਤੇ ਵਿਵੇਕ (2) ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਸੀ।
ਅਸ਼ੋਕ ਸ਼ਾਹ ਦੇ ਰਿਸ਼ਤੇਦਾਰ ਵਿਜੇ ਸਾਹ ਨੇ ਦੱਸਿਆ ਕਿ ਅਸ਼ੋਕ ਦਿੱਲੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਸ਼ੋਭਾ ਦੇਵੀ ਆਪਣੇ ਤਿੰਨ ਬੱਚਿਆਂ ਅਤੇ ਸੱਸ ਨਾਲ ਘਰ ਵਿਚ ਰਹਿੰਦੀ ਸੀ। ਹਾਦਸੇ ਦੇ ਸਮੇਂ ਸ਼ੋਭਾ ਦੀ ਸੱਸ ਸਬਜ਼ੀ ਲੈਣ ਲਈ ਬਾਜ਼ਾਰ ਗਈ ਹੋਈ ਸੀ। ਸ਼ੋਭਾ ਖਾਣਾ ਪਕਾ ਰਹੀ ਸੀ ਅਤੇ ਅਚਾਨਕ ਪਾਈਪ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ, ਜਿਸ ਦੀ ਚਪੇਟ 'ਚ ਆਉਣ ਨਾਲ 3 ਬੱਚਿਆਂ ਤੇ ਇਕ ਮਹਿਲਾ ਦੀ ਮੌਤ ਹੋ ਗਈ।