ਕਿਹਾ- ਸੰਵੇਦਨਸ਼ੀਲ ਜਾਣਕਾਰੀ ਰਖਦਿਆਂ ਸੂਚੀਬੱਧ ਸਕਿਉਰਿਟੀਜ਼ ’ਚ ਕਾਰੋਬਾਰ ਕਰ ਰਹੀ ਸੀ ਮਾਧਵੀ ਬੁਚ
ਨਵੀਂ ਦਿੱਲੀ: ਕਾਂਗਰਸ ਨੇ ਸਨਿਚਰਵਾਰ ਨੂੰ ਇਕ ਵਾਰ ਫਿਰ ਭਾਰਤੀ ਸਕਿਓਰਿਟੀਜ਼ ਵਟਾਂਦਰਾ ਬੋਰਡ (ਸੇਬੀ) ਦੀ ਮੁਖੀ ਮਾਧਵੀ ਬੁਚ ’ਤੇ ਚੀਨੀ ਕੰਪਨੀਆਂ ’ਚ ਨਿਵੇਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਇਹ ਸੱਭ ਅਜਿਹੇ ਸਮੇਂ ਕਰ ਰਹੀ ਹੈ ਜਦੋਂ ਭਾਰਤ ਚੀਨ ਨਾਲ ਭੂ-ਸਿਆਸੀ ਤਣਾਅ ਦਾ ਸਾਹਮਣਾ ਕਰ ਰਿਹਾ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਪੁਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਧਵੀ ਬੁਚ ਦੀ ਇਸ ਗਤੀਵਿਧੀ ਬਾਰੇ ਪਤਾ ਸੀ? ਅਮਰੀਕਾ ਸਥਿਤ ‘ਹਿੰਡਨਬਰਗ ਰੀਸਰਚ’ ਨੇ ਹਾਲ ਹੀ ’ਚ ਬੁਚ ’ਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ’ਚ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਸੀ। ਉਦੋਂ ਤੋਂ ਹੀ ਕਾਂਗਰਸ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਰਹੀ ਹੈ।
ਮਾਧਵੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਸ਼ੁਕਰਵਾਰ ਨੂੰ ਕਾਂਗਰਸ ਵਲੋਂ ਬੇਨਿਯਮੀਆਂ ਅਤੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਦੋਸ਼ ਝੂਠੇ, ਪ੍ਰੇਰਿਤ ਅਤੇ ਬਦਨਾਮ ਕਰਨ ਵਾਲੇ ਹਨ। ਬੁਚ ਨੇ ਇਕ ਬਿਆਨ ’ਚ ਕਿਹਾ ਕਿ ਕਾਂਗਰਸ ਵਲੋਂ ਲਗਾਏ ਗਏ ਦੋਸ਼ ਉਨ੍ਹਾਂ ਵਲੋਂ ਇਨਕਮ ਟੈਕਸ ਰਿਟਰਨ ’ਚ ਦਾਇਰ ਕੀਤੇ ਗਏ ਵੇਰਵਿਆਂ ’ਤੇ ਆਧਾਰਤ ਹਨ। ਉਨ੍ਹਾਂ ਕਿਹਾ ਕਿ ਵਿੱਤੀ ਮਾਮਲਿਆਂ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਉਨ੍ਹਾਂ ਵਲੋਂ ਪੂਰੀ ਤਰ੍ਹਾਂ ਪ੍ਰਗਟਾਵਾ ਕਰ ਦਿਤਾ ਗਿਆ ਹੈ ਅਤੇ ਬਕਾਇਆ ਟੈਕਸਾਂ ਦਾ ਭੁਗਤਾਨ ਵੀ ਕਰ ਦਿਤਾ ਗਿਆ ਹੈ।
ਜੈਰਾਮ ਰਮੇਸ਼ ਨੇ ਬੁਚ ਦੇ ‘ਵਿਅਕਤੀਗਤ ਵਿੱਤੀ ਲਾਭ ਨਾਲ ਸਬੰਧਤ ਪ੍ਰਗਟਾਵਿਆਂ’ ਦਾ ਜ਼ਿਕਰ ਕਰਦਿਆਂ ‘ਐਕਸ’ ’ਤੇ ਪੋਸਟ ਕੀਤਾ, ‘‘ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਜਦੋਂ ਸੇਬੀ ਮੁਖੀ ਕੋਲ ਜਦੋਂ ਅਪ੍ਰਕਾਸ਼ਿਤ ਕੀਮਤ ਸੰਵੇਦਨਸ਼ੀਲ ਜਾਣਕਾਰੀ ਸੀ ਤਾਂ ਵੀ ਉਹ ਸੂਚੀਬੱਧ ਸਕਿਓਰਿਟੀਜ਼ ’ਚ ਵਪਾਰ ਕਰ ਰਹੀ ਸੀ?’’
ਉਨ੍ਹਾਂ ਕਿਹਾ, ‘‘ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਮਾਧਵੀ ਪੀ. ਬੁਚ ਨੇ ਭਾਰਤ ਤੋਂ ਬਾਹਰ ਉੱਚ ਮੁੱਲ ਦਾ ਨਿਵੇਸ਼ ਕੀਤਾ ਹੈ? ਜੇ ਹਾਂ, ਤਾਂ ਇਸ ਨਿਵੇਸ਼ ਦੀ ਮਿਤੀ ਅਤੇ ਪ੍ਰਗਟਾਵੇ ਦੀ ਮਿਤੀ ਕੀ ਹੈ? ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਸੇਬੀ ਦੇ ਚੇਅਰਪਰਸਨ ਅਜਿਹੇ ਸਮੇਂ ਚੀਨੀ ਕੰਪਨੀਆਂ ਵਿਚ ਨਿਵੇਸ਼ ਕਰ ਰਹੇ ਹਨ ਜਦੋਂ ਭਾਰਤ ਚੀਨ ਨਾਲ ਭੂ-ਸਿਆਸੀ ਤਣਾਅ ਦਾ ਸਾਹਮਣਾ ਕਰ ਰਿਹਾ ਹੈ?’’
ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸਨਿਚਰਵਾਰ ਨੂੰ ਇਕ ਵਾਰ ਫਿਰ ਸੇਬੀ ਮੁਖੀ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਭਾਰਤ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ, ‘‘2 ਸਤੰਬਰ, 2024 ਨੂੰ ਕਾਂਗਰਸ ਨੇ ਪ੍ਰਗਟਾਵਾ ਕੀਤਾ ਸੀ ਕਿ ਮਾਧਵੀ ਬੁਚ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਆਈ.ਸੀ.ਆਈ.ਸੀ.ਆਈ. ਪਰੂਡੇਂਸ਼ੀਅਲ ਤੋਂ 16.8 ਕਰੋੜ ਰੁਪਏ (ਤਨਖਾਹਾਂ, ਈ.ਐਸ.ਓ.ਪੀ. ਅਤੇ ਈ.ਐਸ.ਓ.ਪੀ. ’ਤੇ ਟੀ.ਡੀ.ਐਸ. ਵਜੋਂ) ਮਿਲੇ ਸਨ, ਜਦਕਿ ਉਨ੍ਹਾਂ ਨੂੰ ਸੇਬੀ ਤੋਂ ਤਨਖਾਹ ਵੀ ਮਿਲ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੇਬੀ ਇਸ ਸਮੇਂ ਦੌਰਾਨ ਆਈ.ਸੀ.ਆਈ.ਸੀ.ਆਈ. ਅਤੇ ਉਸ ਦੇ ਸਹਿਯੋਗੀਆਂ ਵਿਰੁਧ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਿਹਾ ਸੀ।’’