ਸਰੀਰਕ ਸਬੰਧ ਬਣਾਉਣ ਮਗਰੋਂ ਵਿਅਕਤੀ ਨੇ ਲੜਕੀ ਦੇ ਦਲਿਤ ਹੋਣ ਕਾਰਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਸੀ
ਯਾਦਗੀਰ : ਕਰਨਾਟਕ ਦੇ ਯਾਦਗੀਰ ਜ਼ਿਲ੍ਹੇ ਦੇ ਇਕ ਪਿੰਡ ’ਚ ਉੱਚ ਜਾਤੀ ਦੇ ਇਕ ਨੌਜੁਆਨ ਵਿਰੁਧ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਦਲਿਤ ਪਰਵਾਰਾਂ ਨੂੰ ਸਮਾਜਕ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਅਨੁਸਾਰ ਅਗੱਸਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਹੁਨਸਾਗੀ ਤਾਲੁਕ ਨੇੜੇ ਸਬੰਧਤ ਪਿੰਡ ਦੇ ਉੱਚ ਜਾਤੀ ਨਾਲ ਸਬੰਧਤ 20 ਸਾਲ ਦੇ ਵਿਅਕਤੀ ਨੇ ਨਾਬਾਲਗ ਲੜਕੀ ਨਾਲ ਸਬੰਧ ਬਣਾਏ ਜਿਸ ਕਾਰਨ ਉਹ ਗਰਭਵਤੀ ਹੋ ਗਈ। ਕਿਉਂਕਿ ਲੜਕੀ ਦਲਿਤ ਭਾਈਚਾਰੇ ਨਾਲ ਸਬੰਧਤ ਸੀ, ਇਸ ਲਈ ਵਿਅਕਤੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਪੀੜਤਾ ਅਤੇ ਉਸ ਦੇ ਪਰਵਾਰ ਨੂੰ ਧਮਕੀ ਦਿਤੀ ਕਿ ਉਹ ਇਸ ਮਾਮਲੇ ਦਾ ਪ੍ਰਗਟਾਵਾ ਕਿਸੇ ਨੂੰ ਨਾ ਕਰਨ।
ਪੀੜਤ ਪਰਵਾਰ ਵਲੋਂ ਸਮਝੌਤਾ ਨਾ ਕਰਨ ਤੋਂ ਬਾਅਦ ਪਿੰਡ ਵਾਸੀਆਂ ਦੇ ਇਕ ਹਿੱਸੇ ਨੇ ਕਥਿਤ ਤੌਰ ’ਤੇ ਦਲਿਤ ਭਾਈਚਾਰੇ ਦੇ ਮੈਂਬਰਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਸ਼ਾਂਤੀ ਕਮੇਟੀ ਦੀ ਬੈਠਕ ਕੀਤੀ ਅਤੇ ਸਾਰੇ ਮਤਭੇਦਾਂ ਨੂੰ ਸੁਲਝਾ ਲਿਆ ਗਿਆ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਥਿਤੀ ਹੁਣ ਆਮ ਹੋ ਗਈ ਹੈ। ਮਸਲੇ ਹੱਲ ਹੋ ਗਏ ਹਨ।’’
ਉਨ੍ਹਾਂ ਦਸਿਆ ਕਿ ਮੁਲਜ਼ਮ ਵਿਰੁਧ ਜਬਰ ਜਨਾਹ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ ਹੈ।