
ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਕੀਤਾ ਦਰਜ, ਕਾਰਵਾਈ ਅਰੰਭੀ
ਚੰਡੀਗੜ੍ਹ : ਸ਼ਹਿਰ ਦੇ ਸੈਕਟਰ-13 ਮਨੀਮਾਜਰਾ 'ਚ ਦੋ ਦਰਜਨ ਦੇ ਕਰੀਬ ਵਾਹਨਾਂ ਦੇ ਸ਼ੀਸ਼ੇ ਤੋੜਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਬਾਰੇ ਪਤਾ ਲੱਗਣ ਮਗਰੋਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਸ ਬਾਰੇ ਖਬਰ ਦਿਤੀ ਜਿਸ 'ਤੇ ਪੁਲਿਸ ਪਾਰਟੀ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਇਜ਼ਾ ਲਿਆ।
ਮਨੀਮਾਜਰਾ ਥਾਣੇ ਦੇ ਐਸਐਚਓ ਜਸਪਾਲ ਸਿੰਘ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਮਨੀਮਾਜਰਾ ਵਾਰਡ ਨੰ. 4 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਮਨ ਅਮਿਤ ਸ਼ਰਮਾ ਦੀ ਗੱਡੀ ਸਮੇਤ ਹੋਰ ਵਾਹਨਾਂ ਦੇ ਸ਼ੀਸ਼ੇ ਵੀ ਤੋੜੇ ਹਨ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਦੇ ਮੁਲਜ਼ਮਾਂ ਨੂੰ ਦਬੋਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਵਾਹਨਾਂ ਦੇ ਸ਼ੀਸ਼ੇ ਤੋੜੇ ਜਾ ਚੁੱਕੇ ਹਨ। ਮਸਲਨ ਸੈਕਟਰ-35 ਵਿਚ ਵਾਹਨਾਂ ਦੇ ਸ਼ੀਸ਼ੇ ਭੰਨੇ ਗਏ ਸਨ ਜਿਥੇ ਇੱਕ ਵਪਾਰੀ ਦੇ ਘਰ ਦੇ ਬਾਹਰ ਖੜ੍ਹੀਆਂ ਉਸ ਦੀਆਂ ਦੋ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਫਰਾਰ ਹੋ ਗਏ ਸਨ। ਹਾਲਾਂਕਿ ਪੁਲਿਸ ਅਜੇ ਤਕ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਫੜ ਨਹੀਂ ਸਕੀ ਹੈ।