
ਜੀ-20 ਸਿਖਰ ਵਾਰਤਾ ਦੇ ਤਿੰਨ ਅਹਿਮ ਸੈਸ਼ਨਾਂ ’ਚ ਹੋਣਗੇ ਸ਼ਾਮਲ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਬਾਲੀ, ਇੰਡੋਨੇਸ਼ੀਆ ਲਈ ਰਵਾਨਾ ਹੋਣਗੇ। ਪੀਐਮ ਮੋਦੀ 14 ਤੋਂ 16 ਨਵੰਬਰ ਤੱਕ ਬਾਲੀ ਵਿੱਚ ਰਹਿਣਗੇ। ਜੀ-20 ਸਿਖਰ ਸੰਮੇਲਨ 15-16 ਨਵੰਬਰ ਨੂੰ ਹੋਵੇਗਾ। ਪੀਐਮ ਮੋਦੀ ਕਰੀਬ 45 ਘੰਟੇ ਦੇ ਆਪਣੇ ਠਹਿਰਾਅ ਦੌਰਾਨ 20 ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਦੁਨੀਆ ਦੇ 20 ਦੇਸ਼ਾਂ ਦੇ ਸਭ ਤੋਂ ਵੱਡੇ ਸਮੂਹ ਜੀ-20 ਦੇ ਨੇਤਾਵਾਂ ਦੇ ਸੰਮੇਲਨ 'ਚ ਹਿੱਸਾ ਲੈਣ ਤੋਂ ਇਲਾਵਾ ਪ੍ਰਧਾਨ ਮੰਤਰੀ ਇਸ 'ਚ ਹਿੱਸਾ ਲੈਣ ਵਾਲੇ 10 ਦੇਸ਼ਾਂ ਦੇ ਮੁਖੀਆਂ ਨਾਲ ਦੁਵੱਲੀ ਬੈਠਕ ਵੀ ਕਰਨਗੇ। ਇਸ ਵਿਚ ਬਹੁਪੱਖੀ ਅਤੇ ਦੁਵੱਲੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਭਾਰਤ ਜੀ-20 ਸੰਗਠਨ ਦਾ ਅਗਲਾ ਪ੍ਰਧਾਨ ਹੈ ਅਤੇ ਇਸ ਦੀ ਅਗਲੀ ਮੀਟਿੰਗ ਸਤੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਹੀ ਹੋਣ ਜਾ ਰਹੀ ਹੈ। ਇਸ ਨਜ਼ਰੀਏ ਤੋਂ ਵੀ ਪੀਐਮ ਮੋਦੀ ਦੀ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ ਸਿਖਰ ਸੰਮੇਲਨ ਤਿੰਨ ਸੈਸ਼ਨਾਂ ਵਿੱਚ ਹੋਵੇਗਾ ਅਤੇ ਪੀਐਮ ਮੋਦੀ ਇਨ੍ਹਾਂ ਤਿੰਨਾਂ ਸੈਸ਼ਨਾਂ ਵਿੱਚ ਹੋਰ ਵਿਸ਼ਵ ਨੇਤਾਵਾਂ ਦੇ ਨਾਲ ਹਿੱਸਾ ਲੈਣਗੇ। ਇਹ ਪੁੱਛੇ ਜਾਣ 'ਤੇ ਕਿ ਪ੍ਰਧਾਨ ਮੰਤਰੀ ਮੋਦੀ ਕਿਹੜੇ ਗਲੋਬਲ ਨੇਤਾਵਾਂ ਨਾਲ ਮੁਲਾਕਾਤ ਕਰਨਗੇ, ਕਵਾਤਰਾ ਨੇ ਕਿਹਾ ਕਿ ਸਬੰਧਤ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਬਾਲੀ ਸਿਖਰ ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਜੀ-20 ਨੇਤਾ ਗਲੋਬਲ ਅਰਥਵਿਵਸਥਾ, ਊਰਜਾ, ਵਾਤਾਵਰਣ, ਖੇਤੀਬਾੜੀ, ਸਿਹਤ ਅਤੇ ਡਿਜੀਟਲ ਤਬਦੀਲੀ ਸਮੇਤ ਕਈ ਮੁੱਦਿਆਂ 'ਤੇ ਚਰਚਾ ਕਰਨਗੇ। ਕਵਾਤਰਾ ਨੇ ਕਿਹਾ, ਸੰਮੇਲਨ ਦੌਰਾਨ ਤਿੰਨ ਕਾਰਜਕਾਰੀ ਸੈਸ਼ਨ ਹੋਣਗੇ, ਜਿਸ ਵਿਚ ਪ੍ਰਧਾਨ ਮੰਤਰੀ ਹਿੱਸਾ ਲੈਣਗੇ। ਇਨ੍ਹਾਂ ਵਿੱਚ ਭੋਜਨ ਅਤੇ ਊਰਜਾ ਸੁਰੱਖਿਆ, ਡਿਜੀਟਲ ਪਰਿਵਰਤਨ ਅਤੇ ਸਿਹਤ ਵਰਗੇ ਮੁੱਦੇ ਸ਼ਾਮਲ ਹਨ। ਦੂਜੇ ਪਾਸੇ ਇੰਡੋਨੇਸ਼ੀਆ 'ਚ ਭਾਰਤੀ ਰਾਜਦੂਤ ਮਨੋਜ ਕੁਮਾਰ ਭਾਰਤੀ ਨੇ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਮੋਦੀ ਦੀ ਇੰਡੋਨੇਸ਼ੀਆ ਦੀ ਇਹ ਯਾਤਰਾ ਬਹੁਤ ਛੋਟੀ ਹੈ ਪਰ ਰਣਨੀਤਕ ਤੌਰ 'ਤੇ ਇਹ ਦੌਰਾ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।