
ਬ੍ਰਿਟਿਸ਼ ਆਰਮੀ ਦੀ ਮੇਜਰ ਜਨਰਲ ਸੀਲੀਆ ਹਾਰਵੀ ਨੇ ਮੀਡੀਆ ਸਾਹਮਣੇ ਕਹੀਆਂ ਇਹ ਗੱਲਾਂ
ਨਵੀਂ ਦਿੱਲੀ: ਬ੍ਰਿਟਿਸ਼ ਆਰਮੀ ਦਾ ਵਫ਼ਦ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਨਤਮਸਤਕ ਹੋਇਆ। ਇਸ ਵਫਦ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਨਮਾਨਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਿਟਿਸ਼ ਆਰਮੀ ਦੀ ਮੇਜਰ ਜਨਰਲ ਸੀਲੀਆ ਹਾਰਵੀ ਨੇ ਕਿਹਾ ਕਿ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚੈਰਿਟੀ ਤੇ ਸੇਵਾ ਰਾਹੀਂ ਲੋੜਵੰਦ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਦੌਰਾ ਕੀਤਾ।
ਮੈਂ ਸਾਰੇ ਕਮਰੇ ਵੇਖੇ ਤੇ ਸਟਾਫ ਨਾਲ ਗੱਲਬਾਤ ਕੀਤੀ। ਇੱਥੇ ਵਰਤੇ ਜਾਂਦੇ ਔਜਾਰ ਵੀ ਵੇਖੇ ਜੋ ਕਿ ਬਾਕੀ ਹਸਪਤਾਲਾਂ ਦੀ ਤੁਲਨਾ ਨਾਲੋਂ ਪਹਿਲੇ ਦਰਜੇ 'ਤੇ ਹਨ। ਦਿੱਲੀ ਵਿੱਚ ਲੋੜਵੰਦਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਦੇਖਭਾਲ ਦੇ ਮਿਆਰ ਨੂੰ ਦੇਖ ਕੇ ਮੈਂ ਹੈਰਾਨ ਅਤੇ ਖੁਸ਼ ਹਾਂ। ਅਸੀਂ ਬ੍ਰਿਟਿਸ਼ ਆਰਮੀ ਦੇ 10 ਸਿੱਖ ਫੌਜਵੀ ਜਵਾਨ ਤੇ ਅਫਸਰ ਆਏ ਹਾਂ। ਅਸੀਂ ਪੂਰੇ ਇਲਾਕੇਸ ਦਾ ਦੌਰਾ ਕਰ ਰਹੇ ਹਾਂ, ਜਿਸ ਦੀ ਸ਼ੁਰੂਆਤ ਅਸੀਂ ਗੁਰਪੁਰਬ ਵਾਲੇ ਦਿਨ ਅੰਮ੍ਰਿਤਸਰ ਪਹੁੰਚ ਕੇ ਕੀਤੀ। ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਸਾਨੂੰ ਗੁਰਪੁਰਬ ਦੇ ਜਸ਼ਨ ਅਤੇ ਅਰਦਾਸਾਂ ਵਿੱਚ ਹਿੱਸਾ ਲੈਣ ਦਾ ਮਾਣ ਵੀ ਮਿਲਿਆ। ਸਾਨੂੰ ਆਪਣੇ ਸੈਨਿਕਾਂ ਲਈ ਯੂਕੇ ਦੀ ਡਿਫੈਂਸ ਨੈਟਵਰਕ ਗੁਟਕਾ ਸਾਹਿਬ ਲਾਂਚ ਕਰਨ ਦਾ ਮੌਕਾ ਵੀ ਮਿਲਿਆ।
ਬਰਤਾਨਵੀ ਫੌਜ ਸਿਪਾਹੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਵਿੱਚ ਸਹਾਇਤਾ ਕਰਨ ਲਈ ਬਹੁਤ ਉਤਸੁਕ ਹੈ ਅਤੇ ਇਸ ਲਈ ਸਿੱਖ ਸਿਪਾਹੀ ਆਪਣੇ ਨਾਲ ਗੁਟਕਾ ਸਾਹਿਬ ਲੈ ਕੇ ਮੈਦਾਨ ਵਿੱਚ ਜਾ ਸਕਦੇ ਹਨ, ਅਭਿਆਸ ਕਰ ਸਕਦੇ ਹਨ ਤੇ ਯੁੱਧ ‘ਚ ਜਾ ਸਕਦੇ ਹਨ। ਉਹਨਾਂ ਕਿਹਾ ਕਿ ਮੈਂ ਦੂਜੀ ਵਾਰ ਦਿੱਲੀ ਆਈ ਹਾਂ ਪਰ ਪਹਿਲੀ ਵਾਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ। ਮੈਂ ਸੱਚਮੁੱਚ ਚਾਹੁੰਦੀ ਹਾਂ ਕਿ ਮੈਂ ਇੱਥੇ ਪਹਿਲਾਂ ਆਈ ਹੁੰਦੀ ਕਿਉਂਕਿ ਇਹ ਬਹੁਤ ਸ਼ਾਨਦਾਰ ਜਗ੍ਹਾ ਹੈ। ਅਸੀਂ ਸਾਰਾਗੜ੍ਹੀ ਲੜਾਈ ਦੀ 125ਵੀਂ ਯਾਦਗਾਰ ਮਨਾਉਣ ਲਈ ਇੱਥੇ ਆਏ ਹਾਂ। ਮੇਜਰ ਜਨਰਲ ਸੀਲੀਆ ਹਾਰਵੀ ਨੇ ਕਿਹਾ ਕਿ ਅਸੀਂ 21 ਬਹਾਦਰ ਸਿੱਖ ਸਿਪਾਹੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਰਾਗੜ੍ਹੀ ਵਿੱਚ ਸਭ ਤੋਂ ਦਲੇਰ ਆਖਰੀ ਲੜਾਈ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਅਤੇ ਇਹ ਉਹ ਲੜਾਈ ਹੈ ਜਿਸ ਨੂੰ ਅਸੀਂ ਹਰ ਸਾਲ ਯੂਕੇ ਵਿੱਚ ਯਾਦ ਕਰਦੇ ਹਾਂ। ਅਸੀਂ ਇਹ ਮਹਾਨ ਲੜਾਈ ਹਰ ਸਾਲ ਯਾਦ ਰੱਖਣ ਲਈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸੈਨਿਕਾਂ ਦੇ ਬੁੱਤ ਸਥਾਪਿਤ ਕੀਤੇ ਹਨ ਅਤੇ ਅਸੀਂ ਸਾਰਾਗੜ੍ਹੀ ਦੇ ਉਨ੍ਹਾਂ ਨਾਇਕਾਂ ਨੂੰ ਕਦੇ ਨਹੀਂ ਭੁੱਲਾਂਗੇ।
ਸੀਲੀਆ ਹਾਰਵੀ ਨੇ ਕਿਹਾ ਕਿ ਸਿੱਖ ਸਿਪਾਹੀਆਂ ਦੀਆਂ ਵੀ ਉਹੀ ਕਦਰਾਂ, ਕੀਮਤਾਂ ਤੇ ਮਾਪਦੰਡ ਹਨ ਜੋ ਬ੍ਰਿਟਿਸ਼ ਫੌਜ ਦੇ ਹੁੰਦੇ ਹਨ, ਇਸ ਲਈ ਸਾਡੇ ਸਾਰੇ ਸੈਨਿਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਦਾ ਕੋਈ ਵੀ ਧਰਮ ਹੋਵੇ, ਉਹ ਫੌਜ ਦੇ ਮੁੱਲਾਂ ਅਤੇ ਮਾਪਦੰਡਾਂ ਦੀ ਪਾਲਣਾ ਕਰਨ, ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਹਿੰਮਤੀ ਹੋਣ। ਅਸੀਂ ਜਾਣਦੇ ਹਾਂ ਕਿ ਸਾਡੇ ਸਿੱਖ ਸੈਨਿਕ ਬਹੁਤ ਵਧੀਆ ਹਨ ਤੇ ਇਸ ਲਈ ਹੀ ਸਿੱਖਾਂ ਨੂੰ ਜਾਣਿਆ ਜਾਂਦਾ ਹੈ। ਸਵੈ-ਅਨੁਸ਼ਾਸਨ ਸਾਡੇ ਸੈਨਿਕਾਂ ਲਈ ਇੱਕ ਬਹੁਤ ਮਹੱਤਵਪੂਰਨ ਹੁਨਰ ਅਤੇ ਗੁਣ ਹੈ ਅਤੇ ਹਰ ਇੱਕ ਦਾ ਸਤਿਕਾਰ ਕਰਨਾ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਸਾਰਾਗੜ੍ਹੀ ਵਿਚ ਸਿਪਾਹੀਆਂ ਦੀ ਤਰ੍ਹਾਂ ਵਫ਼ਾਦਾਰੀ ਦਿਖਾਉਣ ਦੇ ਯੋਗ ਹੋਣਾ ਅਤੇ ਸਭ ਤੋਂ ਵੱਧ ਨਿਰਸਵਾਰਥ ਵਚਨਬੱਧਤਾ ਦੇ ਨਾਲ, ਅਸੀਂ ਇਸ ਨੂੰ ਸਿਪਾਹੀਆਂ ਲਈ ਬਹੁਤ ਮਹੱਤਵਪੂਰਨ ਗੁਣ ਮੰਨਦੇ ਹਾਂ। ਮੈਂ ਜਾਣਦੀ ਹਾਂ ਕਿ ਸਿੱਖ ਧਰਮ ਲਈ ਨਿਰਸਵਾਰਥ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰਨਾ ਬੁਨਿਆਦੀ ਹੈ।