
ਗੁੱਸੇ ਵਿਚ ਆ ਕੇ ਬੇਟੇ ਨੇ ਲੋਹੇ ਦੀ ਰਾਡ ਚੁੱਕ ਕੇ ਪਿਤਾ ਦਾ ਕਤਲ ਕਰ ਦਿਤਾ
ਕਰਨਾਟਕ : ਕਰਨਾਟਕ ’ਚ ਦਿੱਲੀ ਦੇ ਸ਼ਰਧਾ ਕਤਲ ਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਦੇ ਬਾਗਲਕੋਟ ’ਚ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਅਪਣੇ ਪਿਤਾ ਦਾ ਕਤਲ ਕਰ ਦਿਤਾ ਅਤੇ ਫਿਰ ਉਸ ਦੀ ਲਾਸ਼ ਦੇ 32 ਟੁਕੜੇ ਕਰ ਦਿਤੇ। ਪੁਲਿਸ ਮੁਤਾਬਕ ਦੋਸ਼ੀ ਨੇ ਲਾਸ਼ ਦੇ ਟੁਕੜੇ ਬੋਰਵੈੱਲ ’ਚ ਸੁੱਟ ਦਿਤੇ। ਕਤਲ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਸਰੀਰ ਦੇ ਅੰਗ ਬਰਾਮਦ ਕਰ ਲਏ। ਮੁਲਜ਼ਮ ਵਿਠਾਲਾ ਕੁਲੀ ਨੂੰ ਗ੍ਰਿਰਫ਼ਤਾਰ ਕਰ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।
ਪੁਲਿਸ ਮੁਤਾਬਕ 6 ਦਸੰਬਰ ਨੂੰ 20 ਸਾਲਾ ਵਿਠਲਾ ਨੇ ਕਥਿਤ ਤੌਰ ’ਤੇ ਗੁੱਸੇ ’ਚ ਆ ਕੇ ਅਪਣੇ ਪਿਤਾ ਪਰਸ਼ੂਰਾਮ ਕੁਲਾਲੀ (53) ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿਤਾ ਸੀ। ਪਰਸ਼ੂਰਾਮ ਅਕਸਰ ਸ਼ਰਾਬ ਪੀ ਕੇ ਅਪਣੇ ਦੋ ਪੁੱਤਰਾਂ ਵਿਚੋਂ ਛੋਟੇ ਵਿਠਲਾ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਸੀ। ਪਰਸ਼ੂਰਾਮ ਦੀ ਪਤਨੀ ਅਤੇ ਵੱਡਾ ਪੁੱਤਰ ਵੱਖ-ਵੱਖ ਰਹਿੰਦੇ ਹਨ। ਬੀਤੇ ਮੰਗਲਵਾਰ ਵੀ ਵਿਠਲਾ ਦੇ ਪਿਤਾ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਇਸ ਤੋਂ ਗੁੱਸੇ ਵਿਚ ਆ ਕੇ ਬੇਟੇ ਨੇ ਲੋਹੇ ਦੀ ਰਾਡ ਚੁੱਕ ਕੇ ਪਿਤਾ ਦਾ ਕਤਲ ਕਰ ਦਿਤਾ।
ਕਤਲ ਤੋਂ ਬਾਅਦ ਵਿਠਲਾ ਨੇ ਪਰਸ਼ੂਰਾਮ ਦੀ ਲਾਸ਼ ਦੇ 32 ਟੁਕੜੇ ਕਰ ਦਿਤੇ। ਫਿਰ ਉਸ ਨੇ ਇਨ੍ਹਾਂ ਟੁਕੜਿਆਂ ਨੂੰ ਬਾਗਲਕੋਟ ਜ਼ਿਲ੍ਹੇ ਦੇ ਮੁਧੋਲ ਦੇ ਬਾਹਰਵਾਰ ਮੰਤੂਰ ਬਾਈਪਾਸ ਨੇੜੇ ਸਥਿਤ ਅਪਣੇ ਖੇਤ ਵਿਚ ਇਕ ਬੋਰਵੈੱਲ ਵਿਚ ਸੁੱਟ ਦਿਤਾ। ਬੋਰਵੈੱਲ ’ਚੋਂ ਬਦਬੂ ਆਉਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਥਿਤ ਕਤਲ ਵਿਚ ਵਿਠਲਾ ਦੀ ਭੂਮਿਕਾ ’ਤੇ ਸ਼ੱਕ ਜਤਾਇਆ।
ਵਿਠਲਾ ਨੂੰ ਥਾਣੇ ਲਿਜਾਇਆ ਗਿਆ ਅਤੇ ਪੁੱਛਗਿਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਲਾਸ਼ ਟੁਕੜੇ ਬੋਰਵੈੱਲ ਤੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿਤੇ ਹਨ।