ਜੇ.ਪੀ. ਨੱਢਾ ਦੀ ਲੈਣਗੇ ਥਾਂ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਿਹਾਰ ਸਰਕਾਰ ’ਚ ਕੈਬਨਿਟ ਮੰਤਰੀ ਨਿਤਿਨ ਨਬੀਨ ਨੂੰ ਪਾਰਟੀ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਸੰਸਦੀ ਬੋਰਡ ਨੇ ਇਸ ਅਹੁਦੇ ਲਈ ਨਬੀਨ ਨੂੰ ਚੁਣਿਆ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਭਾਜਪਾ ਦੇ ਸੰਸਦੀ ਬੋਰਡ ਨੇ ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਤੁਰਤ ਪ੍ਰਭਾਵ ਨਾਲ ਭਾਰਤੀ ਜਨਤਾ ਪਾਰਟੀ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।
ਪਾਰਟੀ ਨੇਤਾਵਾਂ ਨੇ ਕਿਹਾ ਕਿ ਕਾਇਸਥ ਭਾਈਚਾਰੇ ਨਾਲ ਸਬੰਧਤ 45 ਸਾਲ ਦੇ ਨਬਿਨ ਦੀ ਭਾਜਪਾ ਦੇ ਮੌਜੂਦਾ ਪ੍ਰਧਾਨ ਜੇ.ਪੀ. ਨੱਢਾ ਦੀ ਥਾਂ ਲੈਣ ਦੀ ਸੰਭਾਵਨਾ ਹੈ ਅਤੇ ਉਹ ਇਸ ਅਹੁਦੇ ਉਤੇ ਰਹਿਣ ਵਾਲੇ ਸੱਭ ਤੋਂ ਘੱਟ ਉਮਰ ਦੇ ਨੇਤਾਵਾਂ ’ਚੋਂ ਇਕ ਹਨ।
ਉਹ ਕਈ ਵਾਰ ਬਿਹਾਰ ਸਰਕਾਰ ਵਿਚ ਮੰਤਰੀ ਵਜੋਂ ਸੇਵਾ ਨਿਭਾ ਚੁਕੇ ਹਨ ਅਤੇ ਪੰਜ ਵਾਰ ਵਿਧਾਇਕ ਰਹਿ ਚੁਕੇ ਹਨ। ਇਸ ਸਮੇਂ ਉਹ ਬਿਹਾਰ ਦੇ ਲੋਕ ਨਿਰਮਾਣ ਮੰਤਰੀ ਅਤੇ ਪਟਨਾ ਦੇ ਬਾਂਕੀਪੁਰ ਤੋਂ ਵਿਧਾਇਕ ਹਨ।
ਨੱਢਾ ਨੂੰ ਜਨਵਰੀ 2020 ਵਿਚ ਭਾਜਪਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਪਹਿਲਾਂ ਹੀ ਅਪਣਾ ਪੂਰਾ ਕਾਰਜਕਾਲ ਪੂਰਾ ਕਰ ਚੁਕੇ ਹਨ। ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਅਗਵਾਈ ਕਰਨ ਲਈ ਵਾਧਾ ਦਿਤਾ ਗਿਆ ਸੀ।
ਨਬੀਨ ਨੂੰ ਉਨ੍ਹਾਂ ਦੀ ਨਿਯੁਕਤੀ ਉਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਆਪ ਨੂੰ ਇਕ ਮਿਹਨਤੀ ਕਾਰਜਕਰਤਾ ਵਜੋਂ ਪਛਾਣਿਆ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਊਰਜਾ ਅਤੇ ਸਮਰਪਣ ਪਾਰਟੀ ਨੂੰ ਮਜ਼ਬੂਤ ਕਰੇਗਾ।
ਸੋਸ਼ਲ ਮੀਡੀਆ ਮੰਚ ‘ਐਕਸ’ ਉਤੇ ਇਕ ਪੋਸਟ ਵਿਚ ਮੋਦੀ ਨੇ ਕਿਹਾ, ‘‘ਉਹ ਇਕ ਨੌਜੁਆਨ ਅਤੇ ਮਿਹਨਤੀ ਨੇਤਾ ਹਨ ਜਿਨ੍ਹਾਂ ਕੋਲ ਸੰਗਠਨਾਤਮਕ ਤਜਰਬਾ ਹੈ ਅਤੇ ਉਨ੍ਹਾਂ ਦਾ ਬਿਹਾਰ ਵਿਚ ਵਿਧਾਇਕ ਅਤੇ ਮੰਤਰੀ ਵਜੋਂ ਕਈ ਵਾਰ ਪ੍ਰਭਾਵਸ਼ਾਲੀ ਰੀਕਾਰਡ ਹੈ। ਉਨ੍ਹਾਂ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਲਗਨ ਨਾਲ ਕੰਮ ਕੀਤਾ ਹੈ। ਉਹ ਅਪਣੇ ਨਿਮਰ ਸੁਭਾਅ ਅਤੇ ਕੰਮ ਕਰਨ ਦੀ ਜ਼ਮੀਨੀ ਸ਼ੈਲੀ ਲਈ ਜਾਣੇ ਜਾਂਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਊਰਜਾ ਅਤੇ ਸਮਰਪਣ ਆਉਣ ਵਾਲੇ ਸਮੇਂ ਵਿਚ ਸਾਡੀ ਪਾਰਟੀ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੂੰ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਣਨ ਉਤੇ ਵਧਾਈ।’’
ਪਾਰਟੀ ਨੇਤਾਵਾਂ ਨੇ ਕਿਹਾ ਕਿ ਨਬੀਨ ਜਵਾਨ ਹਨ ਅਤੇ ਸ਼ਾਸਨ ਤੇ ਲੋਕਾਂ ਅਤੇ ਸੰਗਠਨ ਲਈ ਕੰਮ ਕਰਨ ਦਾ ਬਹੁਤ ਤਜਰਬਾ ਰਖਦੇ ਹਨ। ਉਨ੍ਹਾਂ ਨੇ ਯੁਵਾ ਮੋਰਚਾ ਲਈ ਵੀ ਵਿਆਪਕ ਤੌਰ ਉਤੇ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਹੋਣ ਦਾ ਵੀ ਤਜਰਬਾ ਹੈ।
