
ਕਾਂਗਰਸ ਨੇ ਕਿਹਾ ਹੈ ਕਿ ਕਰਨਾਟਕ ਵਿਚ ਕਾਂਗਰਸ-ਜੇਡੀਐਸ ਸਰਕਾਰ ਪਹਿਲਾਂ ਵੀ ਸਥਿਰ ਸੀ ਤੇ ਹੁਣ ਵੀ ਸਥਿਰ ਹੈ.......
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਕਰਨਾਟਕ ਵਿਚ ਕਾਂਗਰਸ-ਜੇਡੀਐਸ ਸਰਕਾਰ ਪਹਿਲਾਂ ਵੀ ਸਥਿਰ ਸੀ ਤੇ ਹੁਣ ਵੀ ਸਥਿਰ ਹੈ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਕਰਨਾਟਕ ਵਿਚ ਗਠਜੋੜ ਸਰਕਾਰ ਸਥਿਰ ਹੈ ਅਤੇ ਅੱਗੇ ਵੀ ਸਥਿਰ ਰਹੇਗੀ। ਦਰਅਸਲ ਚਰਚਾ ਹੈ ਕਿ ਛੇ ਤੋਂ ਅੱਠ ਕਾਂਗਰਸ ਵਿਧਾਇਕ ਭਾਜਪਾ ਵਲ ਜਾਣ ਦੀ ਤਿਆਰੀ ਵਿਚ ਹਨ। ਖ਼ਬਰਾਂ ਹਨ ਕਿ ਇਨ੍ਹਾਂ ਵਿਚੋਂ ਪੰਜ ਵਿਧਾਇਕ 'ਲਾਪਤਾ' ਹਨ ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ। ਕੁਮਾਰਸਵਾਮੀ ਨੇ ਕਿਹਾ ਕਿ ਰਾਜ ਵਿਚ ਕਾਂਗਰਸ ਤੇ ਜੇਡੀਐਸ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ, ਸਰਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ।
B. S. Yeddyurappa
ਉਨ੍ਹਾਂ ਇਨ੍ਹਾਂ ਰੀਪੋਰਟਾਂ ਦਾ ਖੰਡਨ ਕੀਤਾ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਡੇਗਣ ਲਈ 'ਆਪਰੇਸ਼ਨ ਕਮਲ' ਚਲਾ ਰਹੀ ਹੈ। ਕੁਮਾਰਸਵਾਮੀ ਨੇ ਦੋਸ਼ ਦੁਹਰਾਇਆ ਕਿ ਭਾਜਪਾ ਸੱਤਾਧਿਰ ਗਠਜੋੜ ਦੇ ਵਿਧਾਇਕਾਂ ਨੂੰ ਲੁਭਾਉਣ ਦਾ ਯਤਨ ਕਰ ਰਹੀ ਹੈ ਹਾਲਾਂਕਿ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਗਠਜੋੜ ਦਾ ਕੋਈ ਵੀ ਵਿਧਾਇਕ ਕਿਸੇ ਹੋਰ ਪਾਰਟੀ ਵਿਚ ਨਹੀਂ ਜਾਵੇਗਾ। ਭਾਜਪਾ ਨੇ ਅਪਣੇ ਲਗਭਗ 100 ਵਿਧਾਇਕਾਂ ਨੂੰ ਗੁੜਗਾਉਂ ਦੇ ਕਿਸੇ ਹੋਟਲ ਵਿਚ ਠਹਿਰਾਇਆ ਹੈ ਅਤੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੁਮਾਰਸਵਾਮੀ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਭਾਜਪਾ ਆਗੂ ਬੀ ਐਸ ਯੇਦੀਯੁਰੱਪਾ ਨੇ ਕਿਹਾ ਕਿ ਜੇਡੀਐਸ ਚਾਹੁੰਦੀ ਹੈ ਕਿ ਭਾਜਪਾ ਵਿਧਾਇਕਾਂ ਨੂੰ ਤੋੜਿਆ ਜਾਵੇ ਪਰ ਉਹ ਇਕਜੁੱਟ ਹਨ। ਉਧਰ, ਕਾਂਗਰਸ ਦਾ ਕਹਿਣਾ ਹੈ ਕਿ ਕੁੱਝ ਵਿਧਾਇਕਾਂ ਦਾ ਲਾਪਤਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਨੇ 'ਆਪਰੇਸ਼ਨ ਕਮਲ' ਸ਼ੁਰੂ ਕਰ ਦਿਤਾ ਹੈ। ਉਹ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਵਿਚ ਹੈ। 224 ਮੈਂਬਰੀ ਕਰਨਾਟਕ ਵਿਧਾਨ ਸਭਾ ਵਿਚ ਜੇਡੀਐਸ ਤੇ ਕਾਂਗਰਸ ਗਠਜੋੜ ਦੇ 118 ਵਿਧਾਇਕ ਹਨ ਜਦਕਿ ਭਾਜਪਾ ਦੇ 104। (ਏਜੰਸੀ)