
ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ...
ਨਵੀਂ ਦਿੱਲੀ (ਮਨੀਸ਼ਾ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 51ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ, ਜਿਵੇਂ ਕਨਵਰ ਗਰੇਵਾਲ, ਹਾਰਫ਼ ਚੀਮਾ, ਗਾਲਵ ਵੜੈਂਚ, ਬੱਬੂ ਮਾਨ ਹੋਰ ਵੀ ਕਈਂ ਗਾਇਕ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਧਰਨਾ ਪ੍ਰਦਰਸ਼ਨ ਵਿਚ ਲਗਾਤਾਰ ਬਣੇ ਹੋਏ ਹਨ, ਉਥੇ ਹੀ ਅੱਜ ਗਾਇਕ ਹਰਜੀਤ ਹਰਮਨ ਉਚੇਚੇ ਤੌਰ ‘ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਗੀਤਾਂ ਰਾਹੀਂ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਗੀਤ ਗਾਏ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਨੇ ਪੰਜਾਬੀਆਂ ਉਤੇ ਤੁਮਤਾਂ ਲਗਾਈਆਂ ਸੀ ਕਿ ਇਹ ਅਤਿਵਾਦੀ ਹਨ, ਵੱਖਵਾਦੀ ਹਨ, ਨਸ਼ੇੜੀ ਹਨ ਪਰ ਇਹ ਗੱਲ ਸਾਨੂੰ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਤਾ ਸੀ ਕਿਉਂਕਿ ਸਾਡੀ ਟੱਕਰ ਕੇਂਦਰ ਸਰਕਾਰ ਨਾਲ ਹੈ, ਉਹ ਇਸ ਅੰਦੋਲਨ ਨੂੰ ਵਿਖੇਰਨ ਲਈ ਕਈਂ ਤਰ੍ਹਾਂ ਦੇ ਹਥਕੰਡੇ ਵਰਤ ਰਹੀ ਹੈ।
Harjit Harman
ਹਰਜੀਤ ਨੇ ਕਿਹਾ ਕਿ ਜਿੰਨਾ ਸਰਕਾਰ ਇਸ ਮਸਲੇ ਨੂੰ ਲਟਕਾ ਰਹੀ ਹੈ, ਅੰਦੋਲਨ ਵਿਚ ਰਸ਼ ਉਨਾ ਹੀ ਜ਼ਿਆਦਾ ਦੁਗਣਾ-ਤਿਗਣਾ ਹੁੰਦਾ ਜਾ ਰਿਹਾ ਹੈ, ਟਰੈਕਟਰ ਟਰਾਲੀਆਂ ਦੀ ਗਿਣਤੀ ਵਧ ਰਹੀ ਹੈ। ਹਰਜੀਤ ਹਰਮਨ ਨੇ ਕਿਸਾਨ ਮੋਰਚੇ ਨੂੰ ਦੇਖਦਿਆ ਕਿਹਾ ਕਿ ਕਿਸਾਨ ਅੰਦੋਲਨ ਨੇ ਲੋਕਾਂ ਵਿਚ ਇੱਕਜੁਟਤਾ, ਭਾਈਚਾਰਾ ਅਤੇ ਪਿਆਰ ਵਧਾਇਆ ਹੈ, ਕਿਸਾਨਾਂ ਦੇ ਚਿਹਰਿਆਂ ‘ਤੇ ਜਿੱਤ ਪੱਕੀ ਦਿਖਾਈ ਦੇ ਰਹੀ ਹੈ।
Tractor Rally
ਇਸ ਦੌਰਾਨ ਹਰਜੀਤ ਹਰਮਨ ਨੇ ਕਿਸਾਨਾਂ ਨੂੰ ਸੁਨੇਹਾ ਵੀ ਦਿੱਤਾ ਕਿ ਕਿਸਾਨਾਂ ਵੱਲੋਂ ਮੋਰਚੇ ‘ਤੇ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ, ਇਹ ਕੋਈ ਮਸਲੇ ਦਾ ਹੱਲ ਨਹੀਂ ਹੈ, ਸਾਨੂੰ ਸਭ ਨੂੰ ਇੱਕਠੇ ਹੋ ਕੇ ਮੋਦੀ ਸਰਕਾਰ ਖਿਲਾਫ਼ ਤਕੜੇ ਹੋ ਕੇ ਲੜਨਾ ਚਾਹੀਦਾ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਬਾਲੀਵੁੱਡ ਵਾਲਿਆਂ ਨੂੰ ਕੀ ਪਤਾ ਹੈ ਕਿਉਂਕਿ ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣਾ ਢਿੱਡ ਤੇ ਲੋਕਾਂ ਦਾ ਢਿੱਡ ਭਰਨ ਲਈ ਖੇਤੀ ਕਰਦੇ ਹਨ, ਅਸੀਂ ਆਪ ਵੀ ਖੇਤੀ ਕੀਤੀ ਹੋਈ ਹੈ, ਸਾਨੂੰ ਕਿਸਾਨਾਂ ਦਾ ਦਰਦ ਚੰਗੀ ਤਰ੍ਹਾਂ ਮਹਿਸੂਸ ਹੁੰਦਾ ਹੈ। ਸੋ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ।