
ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਵਧ ਰਹੇ ਤਣਾਅ ਦਾ ਸੰਕੇਤ
Israel's war: ਯੇਰੂਸ਼ਲਮ : ਅਮਰੀਕਾ ਨੇ ਐਤਵਾਰ ਨੂੰ ਕਿਹਾ ਕਿ ਇਜ਼ਰਾਈਲ ਲਈ ਗਾਜ਼ਾ ਪੱਟੀ ’ਚ ਅਪਣੀ ਫੌਜੀ ਮੁਹਿੰਮ ਨੂੰ ਘੱਟ ਕਰਨ ਦਾ ਇਹ ਸਹੀ ਸਮਾਂ ਹੈ। ਇਹ ਟਿਪਣੀਆਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 100ਵੇਂ ਦਿਨ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਵਧ ਰਹੀ ਤਣਾਅ ਨੂੰ ਉਜਾਗਰ ਕਰਦੀਆਂ ਹਨ।
ਨਿਊਜ਼ ਟੈਲੀਵਿਜ਼ਨ ਸੀ.ਬੀ.ਐਸ. ’ਤੇ ਬੋਲਦੇ ਹੋਏ ਅਮਰੀਕੀ ਕੌਮੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਅਮਰੀਕਾ ਗਾਜ਼ਾ ’ਚ ਫੌਜੀ ਮੁਹਿੰਮ ਨੂੰ ਘੱਟ ਕਰਨ ਲਈ ਇਜ਼ਰਾਈਲ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਫੌਜੀ ਮੁਹਿੰਮਾਂ ਨੂੰ ਘਟਾਉਣ ਦਾ ਇਹ ਸਹੀ ਸਮਾਂ ਹੈ ਅਤੇ ਅਸੀਂ ਇਸ ਬਾਰੇ ਇਜ਼ਰਾਈਲ ਨਾਲ ਗੱਲ ਕਰ ਰਹੇ ਹਾਂ।’’
ਇਸ ਦੌਰਾਨ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਐਤਵਾਰ ਨੂੰ ਹਿਜ਼ਬੁੱਲਾ ਦੇ ਮਿਜ਼ਾਈਲ ਹਮਲੇ ਵਿਚ ਦੋ ਇਜ਼ਰਾਈਲੀ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਲੇਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਜਵਾਬੀ ਹਮਲਿਆਂ ਨੇ ਚਿੰਤਾਵਾਂ ਵਧਾ ਦਿਤੀਆਂ ਹਨ ਕਿ ਗਾਜ਼ਾ ਵਿਚ ਲੜਾਈ ਖੇਤਰ ਵਿਚ ਵਿਆਪਕ ਹੋ ਸਕਦੀ ਹੈ।
ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕੀਤਾ ਸੀ ਅਤੇ ਲਗਭਗ 1,200 ਲੋਕਾਂ ਨੂੰ ਮਾਰ ਦਿਤਾ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਆਮ ਨਾਗਰਿਕ ਸਨ। ਇਸ ਤੋਂ ਇਲਾਵਾ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ’ਚ ਹਮਲਾਵਰ ਫੌਜੀ ਮੁਹਿੰਮ ਸ਼ੁਰੂ ਕੀਤੀ ਸੀ। ਇਜ਼ਰਾਈਲ ਦੀ ਫੌਜੀ ਮੁਹਿੰਮ ਵਿਚ 24,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਗਾਜ਼ਾ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਹੈ।
ਗਾਜ਼ਾ ਦੀ 23 ਲੱਖ ਆਬਾਦੀ ਵਿਚੋਂ ਲਗਭਗ 85 ਫੀ ਸਦੀ ਲੋਕ ਅਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ ਅਤੇ ਇਕ ਚੌਥਾਈ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਜਦੋਂ ਤਕ ਹਮਾਸ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦਾ ਅਤੇ 100 ਤੋਂ ਵੱਧ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤਕ ਫੌਜੀ ਮੁਹਿੰਮ ਜਾਰੀ ਰਹੇਗੀ।
ਇਜ਼ਰਾਈਲ ਲੇਬਨਾਨ ਦੇ ਅਤਿਵਾਦੀ ਸਮੂਹ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਰੋਜ਼ਾਨਾ ਹਮਲੇ ਕਰ ਰਿਹਾ ਹੈ, ਜਦਕਿ ਈਰਾਨ ਸਮਰਥਿਤ ਮਿਲੀਸ਼ੀਆ ਸੀਰੀਆ ਅਤੇ ਇਰਾਕ ਵਿਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਕਰ ਰਹੀ ਹੈ, ਜਿਸ ਨਾਲ ਖੇਤਰ ਵਿਚ ਤਣਾਅ ਵਧ ਗਿਆ ਹੈ। ਇਸ ਤੋਂ ਇਲਾਵਾ ਯਮਨ ਦੇ ਹੂਤੀ ਬਾਗ਼ੀ ਕੌਮਾਂਤਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਕਾਰਨ ਪਿਛਲੇ ਹਫਤੇ ਅਮਰੀਕੀ ਹਵਾਈ ਹਮਲੇ ਹੋਏ ਸਨ।
ਹਿਜ਼ਬੁੱਲਾ ਦੇ ਨੇਤਾ ਹਸਨ ਨਸਰਾਲਾ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਉਦੋਂ ਤਕ ਨਹੀਂ ਰੁਕੇਗਾ ਜਦੋਂ ਤਕ ਗਾਜ਼ਾ ਵਿਚ ਜੰਗਬੰਦੀ ਨਹੀਂ ਹੋ ਜਾਂਦੀ। ਨਸਰਾਲਾ ਨੇ ਉੱਤਰੀ ਸਰਹੱਦੀ ਖੇਤਰ ਛੱਡਣ ਵਾਲੇ ਹਜ਼ਾਰਾਂ ਇਜ਼ਰਾਈਲੀਆਂ ਦਾ ਹਵਾਲਾ ਦਿੰਦੇ ਹੋਏ ਇਕ ਭਾਸ਼ਣ ਵਿਚ ਕਿਹਾ, ‘‘ਅਸੀਂ ਅਪਣੇ ਹਮਲੇ ਜਾਰੀ ਰੱਖ ਰਹੇ ਹਾਂ ਅਤੇ ਸਾਡਾ ਮੋਰਚਾ ਦੁਸ਼ਮਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ।’’
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 100ਵੇਂ ਦਿਨ ਐਤਵਾਰ ਨੂੰ ਯੂਰਪ ਅਤੇ ਮੱਧ ਪੂਰਬ ਵਿਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਹਮਾਸ ਵਲੋਂ ਬੰਧਕ ਬਣਾਏ ਗਏ ਇਜ਼ਰਾਈਲੀਆਂ ਦੀ ਰਿਹਾਈ ਅਤੇ ਗਾਜ਼ਾ ’ਚ ਜੰਗਬੰਦੀ ਦੀ ਮੰਗ ਕੀਤੀ। ਬੰਧਕਾਂ ਦੇ ਪਰਵਾਰਾਂ ਨੇ ਸਨਿਚਰਵਾਰ ਰਾਤ ਨੂੰ ਤੇਲ ਅਵੀਵ ਵਿਚ 24 ਘੰਟੇ ਦੀ ਰੈਲੀ ਕੀਤੀ ਅਤੇ ਇਜ਼ਰਾਈਲ ਸਰਕਾਰ ਨੂੰ ਉਨ੍ਹਾਂ ਦੇ ਪਿਆਰਿਆਂ ਦੀ ਰਿਹਾਈ ਦੀ ਅਪੀਲ ਕੀਤੀ।
(For more news apart from Israel's war, stay tuned to Rozana Spokesman)