ਦੋਵੇਂ ਹਾਲ ਹੀ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸਨ ਸ਼ਾਮਲ
ਦਿੱਲੀ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਵੱਡੀ ਸਫ਼ਲਤਾ ਮਿਲੀ ਹੈ। ਦਿੱਲੀ ਪੁਲਿਸ ਅਤੇ ਬਿਸ਼ਨੋਈ ਗੈਂਗ ਦੇ ਦੋ ਸ਼ਾਰਪਸ਼ੂਟਰਾਂ ਵਿਚਕਾਰ ਹੋਈ ਗੋਲੀਬਾਰੀ ਤੋਂ ਬਾਅਦ, ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮੁਕਾਬਲੇ ਦੌਰਾਨ, ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਸ਼ੂਟਰ ਦੀ ਲੱਤ ਵਿੱਚ ਗੋਲੀ ਲੱਗੀ, ਜਦੋਂ ਕਿ ਦੂਜਾ ਦੋਸ਼ੀ ਨਾਬਾਲਗ ਦੱਸਿਆ ਜਾ ਰਿਹਾ ਹੈ।
ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸ਼ੂਟਰ ਦਿੱਲੀ ਦੇ ਪੱਛਮੀ ਵਿਹਾਰ ਅਤੇ ਵਿਨੋਦ ਨਗਰ ਇਲਾਕਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਸਨ।
ਇਸ ਦੇ ਨਾਲ ਹੀ ਬੀਤੇ ਦਿਨ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਸਥਾਨਕ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸ਼ੂਟਰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੇ ਨਿਰਦੇਸ਼ਾਂ 'ਤੇ ਚੰਡੀਗੜ੍ਹ ਟ੍ਰਾਈਸਿਟੀ (ਮੋਹਾਲੀ, ਪੰਚਕੂਲਾ, ਚੰਡੀਗੜ੍ਹ) ਅਤੇ ਪਟਿਆਲਾ ਇਲਾਕੇ ਵਿੱਚ 'ਟਾਰਗੇਟ ਕਿਲਿੰਗ' ਕਰਨ ਦੀ ਯੋਜਨਾ ਬਣਾ ਰਹੇ ਸਨ।
