ਕਿਹਾ : ਵਾਇਰਲ ਵੀਡੀਓ ਨਾਲ ਕੀਤੀ ਗਈ ਹੈ ਛੇੜਛਾੜ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਕਥਿਤ ਤੌਰ 'ਤੇ ਐਡਿਟ ਕੀਤੇ ਗਏ ਵੀਡੀਓ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਵਿਰੁੱਧ ਜਲੰਧਰ ਵਿੱਚ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਇਸ ਐੱਫ.ਆਈ.ਆਰ. ਦੇ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਪੰਜਾਬ ਪੁਲਿਸ ਦੇ 3 ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ ਅਤੇ ਲੈਬ ਦੀ ਰਿਪੋਰਟ ਮੰਗੀ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ’ਚ ਜਲੰਧਰ ਅਦਾਲਤ ਵਿੱਚ ਸੁਣਵਾਈ ਹੋਈ, ਜਿੱਥੇ ਮਾਨਯੋਗ ਜੱਜ ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਕੇਸ ਨੂੰ ਲੈ ਕੇ ਹੋਈ ਸੁਣਵਾਈ ਵਿੱਚ ਅਦਾਲਤ ਵੱਲੋਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀਡੀਓ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤ ਦੇ ਹੁਕਮ ਅਨੁਸਾਰ ਜਿਸ ਵੀ ਅਕਾਊਂਟ ਤੋਂ ਵੀਡੀਓ ਪੋਸਟ ਹੋਇਆ, ਉਸ ਦੇ ਸਾਰੇ ਲਿੰਕ ਸੋਸ਼ਲ ਮੀਡੀਆ ਤੋਂ ਹਟਾਏ ਜਾਣ। ਕੋਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਫੋਰੈਂਸਿਕ ਜਾਂਚ ਵਿੱਚ ਵੀਡੀਓ ਐਡਿਟ ਕਰਨ ਦਾ ਮਾਮਲਾ ਪਾਇਆ ਗਿਆ ਹੈ, ਜਿਸ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
