
ਚੋਣ ਜ਼ਾਬਤੇ ਦੀ ਉਲੰਘਣਾ ਲਈ ਉਮੀਦਵਾਰ ਦਪਿੰਦਰ ਢਿੱਲੋਂ ਨੂੰ ਨੋਟਿਸ
ਜ਼ੀਕਰਪੁਰ: ਐਤਵਾਰ ਨੂੰ ਜ਼ੀਰਕਪੁਰ 'ਚ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਦੌਰਾਨ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਕਾਂਗਰਸੀ ਉਮੀਦਵਾਰ ਦੀਪੇਂਦਰ ਸਿੰਘ ਢਿੱਲੋਂ ਨੂੰ ਨੋਟਿਸ ਭੇਜ ਕੇ 24 ਘੰਟਿਆਂ 'ਚ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਇਸ ਰੋਡ ਸ਼ੋਅ ਦੌਰਾਨ 70 ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਹਨ। ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਇਸ ਮੌਕੇ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ।
Priyanka Gandhi Vadra
ਭਾਵੇਂ ਢਿੱਲੋਂ ਨੇ ਰੋਡ ਸ਼ੋਅ ਦੀ ਇਜਾਜ਼ਤ ਲੈ ਲਈ ਸੀ ਪਰ ਜ਼ਿਲ੍ਹਾ ਚੋਣ ਅਫ਼ਸਰ ਨੇ ਰੋਡ ਸ਼ੋਅ ਦੌਰਾਨ ਵੀਆਈਪੀ ਰੋਡ ’ਤੇ ਬਿਨਾਂ ਇਜਾਜ਼ਤ ਝੰਡੇ ਤੇ ਬੈਨਰ ਲਾਉਣ ’ਤੇ ਢਿੱਲੋਂ ਨੂੰ ਨੋਟਿਸ ਜਾਰੀ ਕੀਤਾ ਹੈ। ਇੰਨਾ ਹੀ ਨਹੀਂ ਰੋਡ ਸ਼ੋਅ ਦੌਰਾਨ ਹੋਰ ਵੀ ਕਈ ਨਿਯਮਾਂ ਨੂੰ ਤੋੜਿਆ ਗਿਆ। ਉਨ੍ਹਾਂ ਦੇ ਰੋਡ ਸ਼ੋਅ ਕਾਰਨ ਅੰਬਾਲਾ ਹਾਈਵੇਅ ਕਰੀਬ ਢਾਈ ਘੰਟੇ ਜਾਮ ਰਿਹਾ। ਇਸ ਕਾਰਨ ਪੁਲਿਸ ਨੂੰ ਬਦਲਵੇਂ ਰਸਤੇ ਰਾਹੀਂ ਆਵਾਜਾਈ ਚਾਲੂ ਕਰਨੀ ਪਈ। ਤਿੰਨ ਕਿਲੋਮੀਟਰ ਦੀ ਇਜਾਜ਼ਤ ਨਾਲ ਪੰਜ ਕਿਲੋਮੀਟਰ ਤੱਕ ਰੋਡ ਸ਼ੋਅ ਕੱਢਿਆ ਗਿਆ।
Priyanka Gandhi Vadra
ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਬਾਵਜੂਦ ਤਿੰਨ ਹਜ਼ਾਰ ਤੋਂ ਵੱਧ ਸਮਰਥਕਾਂ ਨੇ ਰੋਡ ਸ਼ੋਅ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡਸ਼ੋਅ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ‘ਆਪ’ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੂੰ ਨੋਟਿਸ ਭੇਜਿਆ ਸੀ।
ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ ਪਟਿਆਲਾ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਤੋਂ ਸ਼ੁਰੂ ਹੋ ਕੇ ਵੀਆਈਪੀ ਰੋਡ ਤੋਂ ਹੁੰਦਾ ਹੋਇਆ ਮੈਟਰੋ ਪਲਾਜ਼ਾ ਵਿਖੇ ਸਮਾਪਤ ਹੋਇਆ। ਇਸ ਦੌਰਾਨ ਰੋਡ ਸ਼ੋਅ ਵਿੱਚ ਚਾਰ ਤੋਂ ਪੰਜ ਹਜ਼ਾਰ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਚੋਰਾਂ ਨੇ ਇਸ ਭੀੜ ਦਾ ਵੱਡਾ ਫਾਇਦਾ ਉਠਾਉਂਦੇ ਹੋਏ 70 ਤੋਂ ਵੱਧ ਲੋਕਾਂ ਦੇ ਮੋਬਾਈਲ ਚੋਰੀ ਕਰ ਲਏ। ਇਸ ਦੌਰਾਨ ਕਈ ਸਮਰਥਕਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ ਅਤੇ ਭੀੜ ਦੌਰਾਨ ਡਿੱਗ ਕੇ ਕਈ ਲੋਕ ਜ਼ਖਮੀ ਹੋ ਗਏ।
Priyanka Gandhi Vadra
ਐਸਐਚਓ ਜ਼ੀਰਕਪੁਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਵਿੱਚ ਮੋਬਾਈਲ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਰੋਡ ਸ਼ੋਅ ਦੌਰਾਨ ਕੁਝ ਸੁਸਾਇਟੀ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਿਅੰਕਾ ਗਾਂਧੀ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਸੁਸਾਇਟੀ ਦਾ ਗੇਟ ਬੰਦ ਕਰ ਦਿੱਤਾ ਗਿਆ ਸੀ। ਰੋਡ ਸ਼ੋਅ ਖਤਮ ਹੋਣ ਤੱਕ ਉਸ ਨੂੰ ਸੁਸਾਇਟੀ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ।