
ਫ਼ੋਨ ਬੰਦ, ਘਰ ਨੂੰ ਤਾਲਾ, ਪੁਲਿਸ ਕਰ ਰਹੀ ਭਾਲ
Ranveer Allahbadia: ਸਮੈ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਵਿਚ ਵਿਵਾਦਿਤ ਬਿਆਨ ਦੇਣ ਵਾਲੇ ਪ੍ਰਭਾਵਸ਼ਾਲੀ ਰਣਵੀਰ ਇਲਾਹਬਾਦੀਆ ਲਾਪਤਾ ਹੋ ਗਏ ਹਨ। ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਹੈ। ਉਸ ਦਾ ਫ਼ੋਨ ਵੀ ਬੰਦ ਹੈ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ। ਮਸ਼ਹੂਰ ਕੰਟੈਂਟ ਕ੍ਰਿਏਟਰ ਅਤੇ ਪ੍ਰਭਾਵਕ ਰਣਵੀਰ ਇਲਾਹਬਾਦੀਆ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ’ਚ ਹਨ।
ਇਸ ਦਾ ਕਾਰਨ ਹੈ ਉਸ ਦਾ ਵਿਵਾਦਿਤ ਬਿਆਨ ਜੋ ਉਸ ਨੇ ਸਮੈ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਵਿਚ ਦਿਤਾ ਸੀ। ਹੁਣ ਖ਼ਬਰ ਆ ਰਹੀ ਹੈ ਕਿ ਰਣਵੀਰ ਇਲਾਹਬਾਦੀਆ ਲਾਪਤਾ ਹੋ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਲਗਾਤਾਰ ਰਣਵੀਰ ਦੇ ਬਿਆਨ ਦਰਜ ਕਰਵਾਉਣ ਲਈ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਹੈ।
ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ ਪਰ ਹੁਣ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਵਿਵਾਦਿਤ ਬਿਆਨ ਮਾਮਲੇ ’ਚ ਵੀਰਵਾਰ ਨੂੰ ਉਨ੍ਹਾਂ ਨੂੰ ਖਾਰ ਪੁਲਿਸ ਸਟੇਸ਼ਨ ’ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਦੂਜਾ ਸੰਮਨ ਜਾਰੀ ਕੀਤਾ।
ਹਾਲਾਂਕਿ, ਰਣਵੀਰ ਨੇ ਪੁਲਿਸ ਨੂੰ ਆਪਣੇ ਘਰ ਜਾ ਕੇ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਸੀ, ਪਰ ਇਹ ਬੇਨਤੀ ਠੁਕਰਾ ਦਿਤੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਰਣਵੀਰ ਦਾ ਫ਼ੋਨ ਵੀ ਬੰਦ ਹੈ ਅਤੇ ਉਨ੍ਹਾਂ ਦੇ ਘਰ ਨੂੰ ਵੀ ਤਾਲਾ ਲੱਗਾ ਹੋਇਆ ਹੈ। ਕਾਮੇਡੀਅਨ ਅਤੇ ਯੂਟਿਊਬਰ ਸਮਯ ਰੈਨਾ ਨੇ ਪਿਛਲੇ ਸਾਲ ਜੂਨ ਵਿਚ ਯੂਟਿਊਬ ’ਤੇ ਇੰਡੀਆਜ਼ ਗੌਟ ਲੇਟੈਂਟ ਨਾਮ ਦਾ ਇਕ ਪੈਰੋਡੀ ਸ਼ੋਅ ਸ਼ੁਰੂ ਕੀਤਾ ਸੀ।
ਇਸ ਸ਼ੋਅ ਦੇ ਹਰ ਐਪੀਸੋਡ ’ਚ ਵੱਖ-ਵੱਖ ਜੱਜ ਨਜ਼ਰ ਆਏ। ਇਕ ਤਾਜ਼ਾ ਐਪੀਸੋਡ ਵਿਚ ਰਣਵੀਰ ਇਲਾਹਾਬਾਦੀਆ ਦੇ ਨਾਲ ਅਪੂਰਵਾ ਮੁਖੀਜਾ, ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਚੰਚਲਾਨੀ ਵੀ ਸਨ। ਇਸੇ ਕੜੀ ’ਚ ਰਣਵੀਰ ਵਲੋਂ ਕੀਤੀ ਗਈ ਵਿਵਾਦਤ ਟਿੱਪਣੀ ਕਾਰਨ ਮਾਮਲਾ ਗਰਮਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿਤੀ। ਹੁਣ ਰਣਵੀਰ ਅਲਾਹਬਾਦੀਆ ਦੇ ਅਚਾਨਕ ਗਾਇਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਇਹ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ।