ਹੁਣ ਸੌਦਾ ਸਾਧ ਵਲੋਂ ਚੋਣਾਂ ਵਿਚ ਨਹੀਂ ਕੀਤਾ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਸਮਰਥਨ!
ਮੋਹਾਲੀ : ਬੇਅਦਬੀ ਮਾਮਲਿਆਂ, ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ। ਉਸ ਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। ਸੌਦਾ ਸਾਧ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਹੁਣ ਡੇਰੇ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਹੁਣ ਤੱਕ ਇਹ ਸਿਆਸੀ ਵਿੰਗ ਹੀ ਤੈਅ ਕਰਦਾ ਸੀ ਕਿ ਚੋਣਾਂ ਵਿੱਚ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣਾ ਹੈ। ਵੋਟਿੰਗ ਤੋਂ 24 ਘੰਟੇ ਪਹਿਲਾਂ ਉਹ ਆਪਣੇ ਨੈੱਟਵਰਕ ਰਾਹੀਂ ਲੱਖਾਂ ਡੇਰਾ ਪੈਰੋਕਾਰਾਂ ਨੂੰ ਇਸ ਨਾਲ ਸਬੰਧਤ ਸੰਦੇਸ਼ ਭੇਜਦਾ ਸੀ।
ਇਹ ਵੀ ਪੜ੍ਹੋ: ਨੈਸ਼ਨਲ ਹਾਈਵੇ 'ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਵਿੱਚ ਵੜੀ ਕਾਰ, ਵਾਲ-ਵਾਲ ਬਚੇ ਧਰਨਾਕਾਰੀ ਕਿਸਾਨ
ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੋਇਆ ਸੀ। 2017 'ਚ ਪਹਿਲੀ ਵਾਰ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਿਛਲੀਆਂ ਕੁਝ ਚੋਣਾਂ 'ਚ ਡੇਰਾ ਆਪਣੇ ਪੈਰੋਕਾਰਾਂ ਨੂੰ ਭਾਜਪਾ ਦੇ ਪੱਖ 'ਚ ਵੋਟ ਪਾਉਣ ਦਾ ਸੰਦੇਸ਼ ਦਿੰਦਾ ਰਿਹਾ ਹੈ। ਹਾਲਾਂਕਿ ਡੇਰੇ ਨੇ ਕਦੇ ਵੀ ਖੁੱਲ੍ਹ ਕੇ ਇਸ ਦਾ ਸਮਰਥਨ ਨਹੀਂ ਕੀਤਾ ਅਤੇ ਵੋਟਾਂ ਤੋਂ 24 ਘੰਟੇ ਪਹਿਲਾਂ ਡੇਰੇ ਦੇ ਇਸ ਸਿਆਸੀ ਵਿੰਗ ਵੱਲੋਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਭੇਜੇ ਗਏ ਹਨ। ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ 9 ਮਹੀਨੇ ਪਹਿਲਾਂ ਸੌਦਾ ਸਾਧ ਵਲੋਂ ਡੇਰੇ ਦਾ ਸਿਆਸੀ ਵਿੰਗ ਭੰਗ ਕਰਨ ਦਾ ਫੈਸਲਾ ਕਾਫੀ ਹੈਰਾਨ ਕਰਨ ਵਾਲਾ ਹੈ।
ਡੇਰੇ ਨਾਲ ਜੁੜੇ ਸੂਤਰਾਂ ਮੁਤਾਬਕ ਸੌਦਾ ਸਾਧ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਡੇਰਾ ਹੁਣ ਸਮਾਜ ਸੇਵਾ ਦੇ ਕੰਮਾਂ 'ਤੇ ਧਿਆਨ ਦੇਣਾ ਚਾਹੁੰਦਾ ਹੈ। ਸੌਦਾ ਸਾਧ ਦੇ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਭਾਜਪਾ 'ਤੇ ਹਮਲੇ ਕਰਦੀਆਂ ਰਹਿੰਦੀਆਂ ਹਨ। ਅਜਿਹੇ ਵਿਵਾਦਾਂ ਤੋਂ ਬਚਣ ਲਈ ਸੌਦਾ ਸਾਧ ਨੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ।