
ਜ਼ਹਿਰ ਕਿਸ ਨੇ ਦਿੱਤੀ ਹੈ ਜਾਂ ਔਰਤ ਨੇ ਖੁਦ ਪੀਤੀ ਹੈ, ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਫਤਿਹਾਬਾਦ - ਹਰਿਆਣਾ ਦੇ ਫਤੇਹਾਬਾਦ ਦੇ ਪਿੰਡ ਦਰੀਆਪੁਰ ਦੇ ਕੋਲ ਢਾਣੀ ਮਹਿਤਾਬ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਇੱਕ 11 ਸਾਲਾ ਲੜਕੇ ਨੇ 112 'ਤੇ ਫੋਨ ਕਰਕੇ ਕਿਹਾ ਕਿ ਉਸ ਦੀ ਮਾਂ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ, ਜਿਸ ਤੋਂ ਬਾਅਦ 10 ਮਿੰਟਾਂ ਵਿਚ ਹੀ ਡਾਇਲ 112 ਦਾ ਮੁਲਾਜ਼ਮ ਮੱਖਣ ਸਿੰਘ ਆਪਣੀ ਟੀਮ ਨਾਲ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਿਆ। ਪੁਲਿਸ ਮੁਲਾਜ਼ਮ ਨੇ ਪੀੜਤ ਔਰਤ ਨੂੰ ਆਪਣੀ ਗੋਦ ਵਿਚ ਚੁੱਕ ਕੇ ਕਾਰ ਵਿੱਚ ਬਿਠਾ ਲਿਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਹਿਰ ਕਿਸ ਨੇ ਦਿੱਤੀ ਹੈ ਜਾਂ ਔਰਤ ਨੇ ਖੁਦ ਪੀਤੀ ਹੈ, ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਡਾਇਲ 112 'ਤੇ ਤਾਇਨਾਤ ਮੱਖਣ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹ ਮੌਕੇ 'ਤੇ ਉੱਥੇ ਆਪਣੀ ਟੀਮ ਨਾਲ ਪਹੁੰਚੇ। ਮੌਕੇ 'ਤੇ ਗਈ ਟੀਮ ਨੇ ਦੇਖਿਆ ਕਿ ਇਕ ਔਰਤ ਜ਼ਮੀਨ 'ਤੇ ਪਈ ਸੀ। ਪੁਲਿਸ ਮੁਲਾਜ਼ਮ ਨੇ ਔਰਤ ਨੂੰ ਗੋਦੀ ਵਿਚ ਚੁੱਕ ਕੇ ਕਾਰ ਵਿਚ ਬਿਠਾ ਲਿਆ ਅਤੇ ਤੁਰੰਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਔਰਤ ਦੀ ਪਛਾਣ ਸੋਮਾ ਦੇਵੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਸਿਵਲ ਹਸਪਤਾਲ ਪਹੁੰਚ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਜੇਕਰ ਔਰਤ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਦੀ ਤਾਂ ਉਸ ਦੀ ਮੌਤ ਹੋ ਸਕਦੀ ਸੀ।
ਡੀਐਸਪੀ ਅਜੈਬ ਸਿੰਘ ਨੇ ਦੱਸਿਆ ਕਿ ਡਾਇਲ 112 ਦੀ ਮਦਦ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਦੇਰ ਸ਼ਾਮ ਡਾਇਲ 112 'ਤੇ 11 ਸਾਲਾ ਬੱਚੇ ਦਾ ਫੋਨ ਆਇਆ, ਉਸ ਦੀ ਮਾਂ ਨੂੰ ਜ਼ਹਿਰ ਦਿੱਤਾ ਗਿਆ ਸੀ ਤਾਂ ਤੁਰੰਤ ਪ੍ਰਭਾਵ ਨਾਲ ਡਾਇਲ 112 ਦੀ ਕਾਰ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ। ਔਰਤ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਔਰਤ ਨੂੰ ਜ਼ਹਿਰ ਦਿੱਤਾ ਗਿਆ ਹੈ ਜਾਂ ਖਾਧਾ ਗਿਆ ਹੈ।