ਨਿਆਂਇਕ ਹਿਰਾਸਤ ’ਚ ਕੋਈ ਵਿਅਕਤੀ ਸਿਆਸੀ ਕਿਸਮ ਦੇ ਦਸਤਾਵੇਜ਼ਾਂ ’ਤੇ ਦਸਤਖਤ ਨਹੀਂ ਕਰ ਸਕਦਾ : ਡੀ.ਜੀ. (ਜੇਲ੍ਹ)
ਨਵੀਂ ਦਿੱਲੀ, 15 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਆਬਕਾਰੀ ਨੀਤੀ ਘਪਲੇ ਦੇ ਮਾਮਲੇ ’ਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰ ਹਫਤੇ ਦੋ ਮੰਤਰੀਆਂ ਨੂੰ ਜੇਲ ਸੱਦਣਗੇ ਅਤੇ ਉਨ੍ਹਾਂ ਦੇ ਵਿਭਾਗਾਂ ’ਚ ਕੰਮ ਦੀ ਤਰੱਕੀ ਦੀ ਸਮੀਖਿਆ ਕਰਨਗੇ।
ਪਾਠਕ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਕੇਜਰੀਵਾਲ, ਜਿਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ, ਇਸ ਸਮੇਂ ਨਿਆਂਇਕ ਹਿਰਾਸਤ ’ਚ ਹਨ ਅਤੇ ਤਿਹਾੜ ਜੇਲ੍ਹ ’ਚ ਬੰਦ ਹਨ।
ਇਸ ਦੌਰਾਨ ਡਾਇਰੈਕਟਰ ਜਨਰਲ (ਜੇਲ੍ਹਾਂ) ਨੇ ਕਿਹਾ ਹੈ ਕਿ ਨਿਆਂਇਕ ਹਿਰਾਸਤ ’ਚ ਕੋਈ ਵਿਅਕਤੀ ਸਿਆਸੀ ਕਿਸਮ ਦੇ ਦਸਤਾਵੇਜ਼ਾਂ ’ਤੇ ਦਸਤਖਤ ਨਹੀਂ ਕਰ ਸਕਦਾ। ਡਾਇਰੈਕਟਰ ਜਨਰਲ (ਜੇਲ੍ਹਾਂ) ਸੰਜੇ ਬੈਨੀਵਾਲ ਨੇ ਕਿਹਾ, ‘‘ਕਿਸੇ ਵਿਅਕਤੀ ਨੂੰ ਸਿਰਫ ਦੋ ਚੀਜ਼ਾਂ ’ਤੇ ਦਸਤਖਤ ਕਰਨ ਦੀ ਇਜਾਜ਼ਤ ਹੈ- ਇਕ, ਉਸ ਦੇ ਕਾਨੂੰਨੀ ਕਾਗਜ਼ ਜਾਂ ਸ਼ਿਕਾਇਤ। ਪਰ ਉਹ ਗੈਰ-ਸਿਆਸੀ ਹੋਣੇ ਚਾਹੀਦੇ ਹਨ ਜਾਂ ਉਸ ਨੂੰ ਅਪਣੇ ਪਰਵਾਰ ਨੂੰ ਚਿੱਠੀ ਲਿਖਣ ਜਾਂ ਜਾਇਦਾਦ ਦੇ ਦਸਤਾਵੇਜ਼ਾਂ ’ਤੇ ਦਸਤਖਤ ਕਰਨ ਦੀ ਇਜਾਜ਼ਤ ਹੈ।’’
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਪਾਠਕ ਨੇ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀ ਦੀ ਕਾਰਜ ਯੋਜਨਾ ਬਾਰੇ ਜਾਣਕਾਰੀ ਦਿਤੀ।